ਨਵੀਂ ਦਿੱਲੀ : ਦਿੱਲੀ ‘ਚ ਭਾਜਪਾ ਸ਼ਾਸਿਤ ਨਵੀਂ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਤਰ੍ਹਾਂ ਕੇਂਦਰ ਸਰਕਾਰ ‘ਚ ਬਜਟ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਬਜਟ ਦੀ ਛਪਾਈ ਸ਼ੁਰੂ ਕਰਨ ਤੋਂ ਪਹਿਲਾਂ ਰਵਾਇਤੀ ‘ਹਲਵਾ ਸਮਾਰੋਹ’ ਦੀ ਪਰੰਪਰਾ ਰਹੀ ਹੈ ,ਉਸੇ ਤੋਂ ਪ੍ਰੇਰਿਤ ਹੋ ਕੇ ਇਸ ਵਾਰ ਦਿੱਲੀ ਦੀ ਨਵੀਂ ਸਰਕਾਰ ਨੇ ਵੀ ‘ਖੀਰ ਸਮਾਰੋਹ’ ਦੇ ਨਾਲ ਬਜਟ ਸੈਸ਼ਨ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਤਹਿਤ ਬਜਟ ਨੂੰ ਲੈ ਕੇ ਸੁਝਾਅ ਦੇਣ ਵਾਲੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਅੱਜ ਸਵੇਰੇ ਵਿਧਾਨ ਸਭਾ ਬੁਲਾਇਆ ਜਾਵੇਗਾ ਅਤੇ ਖੀਰ ਖੁਆ ਕੇ ਉਨ੍ਹਾਂ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਸਵੇਰੇ 11 ਵਜੇ ਤੋਂ ਦਿੱਲੀ ਦੀ ਅੱਠਵੀਂ ਵਿਧਾਨ ਸਭਾ ਦਾ ਪਹਿਲਾ ਬਜਟ ਸੈਸ਼ਨ ਰਸਮੀ ਤੌਰ ‘ਤੇ ਸ਼ੁਰੂ ਹੋਵੇਗਾ।
ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਇਹ ਸੈਸ਼ਨ ਵਿੱਤੀ ਨੀਤੀਆਂ ਅਤੇ ਆਉਣ ਵਾਲੇ ਵਿੱਤੀ ਸਾਲ ਵਿੱਚ ਦਿੱਲੀ ਦੇ ਵਿਕਾਸ ਲਈ ਰੋਡ ਮੈਪ ਨਿਰਧਾਰਤ ਕਰਨ ਲਈ ਮਹੱਤਵਪੂਰਨ ਹੈ। ਇਹ ਸੈਸ਼ਨ 24 ਤੋਂ 28 ਮਾਰਚ ਤੱਕ ਚੱਲੇਗਾ ਅਤੇ ਲੋੜ ਪੈਣ ‘ਤੇ ਇਸ ਨੂੰ ਵਧਾਇਆ ਜਾ ਸਕਦਾ ਹੈ। ਸਪੀਕਰ ਨੇ ਕਿਹਾ ਕਿ ਡੀ.ਟੀ.ਸੀ. ਦੇ ਕੰਮਕਾਜ ਬਾਰੇ ਕੈਗ ਦੀ ਰਿਪੋਰਟ ਵੀ ਸੈਸ਼ਨ ਦੇ ਪਹਿਲੇ ਦਿਨ ਪੇਸ਼ ਕੀਤੀ ਜਾਵੇਗੀ। ਇਹ ਕੈਗ ਦੀ ਤੀਜੀ ਰਿਪੋਰਟ ਹੋਵੇਗੀ। ਇਸ ਦੇ ਜ਼ਰੀਏ ਪਤਾ ਲੱਗੇਗਾ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਡੀ.ਟੀ.ਸੀ. ਦੇ ਕੰਮਕਾਜ ‘ਚ ਕੀ ਕਮੀਆਂ ਸਨ। ਇਸ ਤੋਂ ਇਲਾਵਾ ਹੋਰ ਵਿਧਾਨਕ ਕੰਮ ਵੀ ਹੋਣਗੇ। ਖਾਸ ਤੌਰ ‘ਤੇ ਪ੍ਰਸ਼ਨ ਕਾਲ ਵੀ ਆਯੋਜਿਤ ਕੀਤਾ ਜਾਵੇਗਾ।
ਭਲਕੇ ਸੀ.ਐੱਮ ਪੇਸ਼ ਕਰਨਗੇ ਬਜਟ : ਦਿੱਲੀ ਦਾ ਬਜਟ ਭਲਕੇ ਪੇਸ਼ ਕੀਤਾ ਜਾਵੇਗਾ। ਸਵੇਰੇ 11 ਵਜੇ ਮੁੱਖ ਮੰਤਰੀ ਰੇਖਾ ਗੁਪਤਾ ਸਦਨ ‘ਚ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕਰਨਗੇ, ਜਿਸ ਤੋਂ ਬਾਅਦ ਬੁੱਧਵਾਰ ਤੋਂ ਬਜਟ ‘ਤੇ ਚਰਚਾ ਸ਼ੁਰੂ ਹੋਵੇਗੀ। ਬਜਟ ਵੀਰਵਾਰ 27 ਮਾਰਚ ਨੂੰ ਵਿਧਾਨ ਸਭਾ ‘ਚ ਪਾਸ ਕੀਤਾ ਜਾਵੇਗਾ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਪ੍ਰਾਈਵੇਟ ਮੈਂਬਰ ਬਿੱਲਾਂ ਅਤੇ ਮਤਿਆਂ ‘ਤੇ ਚਰਚਾ ਹੋਵੇਗੀ। ਸਪੀਕਰ ਨੇ ਕਿਹਾ ਕਿ ਸੈਸ਼ਨ ਦੌਰਾਨ ਪ੍ਰਸ਼ਨ ਕਾਲ 24, 26, 27 ਅਤੇ 28 ਮਾਰਚ ਨੂੰ ਹੋਵੇਗਾ। ਸਪੀਕਰ ਨੇ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਦਨ ਦੀ ਗਰਿਮਾ ਬਣਾਈ ਰੱਖਣ ਅਤੇ ਨਿਯਮਾਂ ਦੀ ਪਾਲਣਾ ਕਰਨ।