ਲੁਧਿਆਣਾ : ਲੁਧਿਆਣਾ ’ਚ ਦੇਰ ਰਾਤ ਇਕ ਮਹਿਲਾ ਅਧਿਆਪਕਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਪੁਲਿਸ ਅੱਜ ਪੋਸਟਮਾਰਟਮ ਤੋਂ ਬਾਅਦ ਹੀ ਅਗਲੀ ਕਾਰਵਾਈ ਕਰੇਗੀ। ਮ੍ਰਿਤਕ ਅਧਿਆਪਕਾ ਦਾ ਨਾਮ ਜੋਤੀ ਹੈ। ਉਹ ਸ਼ਿਮਲਾਪੁਰੀ ਦੇ ਪ੍ਰੀਤ ਨਗਰ ਇਲਾਕੇ ਦੀ ਰਹਿਣ ਵਾਲੀ ਹੈ। ਜਦੋਂ ਬੀਤੀ ਸ਼ਾਮ ਨੂੰ ਜੋਤੀ ਨੇ ਆਪਣੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਸਦੀ ਮਾਂ ਨੇ ਉਸਨੂੰ ਆਵਾਜ਼ ਮਾਰੀ। ਜਦੋਂ ਕੋਈ ਜਵਾਬ ਨਾ ਆਇਆ ਤਾਂ ਦਰਵਾਜ਼ਾ ਤੋੜ ਦਿੱਤਾ ਗਿਆ। ਅੰਦਰ ਦੇਖਿਆ ਤਾਂ ਜੋਤੀ ਫਾਹੇ ਨਾਲ ਲਟਕ ਰਹੀ ਸੀ। ਪਰਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸ਼ਿਮਲਾਪੁਰੀ ਥਾਣੇ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ।
ਜਾਂਚ ਅਧਿਕਾਰੀ ਏ.ਐਸ.ਆਈ ਬਚਿੱਤਰ ਸਿੰਘ ਅਨੁਸਾਰ, ਮ੍ਰਿਤਕ ਜੋਤੀ ਦੇ ਪਰਵਾਰ ਵਿੱਚ ਉਸਦੀ ਮਾਂ ਅਤੇ ਦੋ ਵੱਡੇ ਭਰਾ ਹਨ। ਉਸਦੇ ਪਿਤਾ ਦੀ ਬਹੁਤ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਹ ਇਲਾਕੇ ਦੇ ਇੱਕ ਪਲੇਵੇਅ ਸਕੂਲ ਵਿੱਚ ਟਿਊਸ਼ਨ ਪੜ੍ਹਾਉਂਦੀ ਸੀ ਅਤੇ ਘਰ ਹੀ ਰਹਿੰਦੀ ਸੀ। ਬੀਤੀ ਰਾਤ, ਪੁਲਿਸ ਨੂੰ ਸੂਚਨਾ ਮਿਲੀ ਕਿ ਪ੍ਰੀਤ ਸਿੰਘ ਨਗਰ ਇਲਾਕੇ ਵਿੱਚ ਇੱਕ ਨੌਜਵਾਨ ਔਰਤ ਦੀ ਮੌਤ ਹੋ ਗਈ ਹੈ। ਪੁਲਿਸ ਅਨੁਸਾਰ ਮ੍ਰਿਤਕਾ ਦੇ ਪ੍ਰਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਲਾਸ਼ ਦੇਖ ਕੇ ਪੁਲਿਸ ਨੂੰ ਸ਼ੱਕ ਹੋਇਆ, ਜਿਸ ਸਬੰਧੀ ਪੁਲਿਸ ਪ੍ਰਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਦੇ ਦੋ ਭਰਾ ਸਨ। ਵੱਡਾ ਭਰਾ ਡਰਾਈਵਰ ਹੈ ਅਤੇ ਛੋਟਾ ਭਰਾ ਨਸ਼ੇੜੀ ਹੈ। ਸ਼ੁੱਕਰਵਾਰ ਰਾਤ ਨੂੰ ਜੋਤੀ ਦਾ ਆਪਣੇ ਛੋਟੇ ਭਰਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ, ਉਸਦੇ ਭਰਾ ਨੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਅਪਰਾਧ ਕਰਨ ਤੋਂ ਬਾਅਦ ਉਸਦਾ ਭਰਾ ਭੱਜ ਗਿਆ। ਪੁਲਿਸ ਦੀ ਇੱਕ ਟੀਮ ਉਸਦੀ ਭਾਲ ਲਈ ਰਵਾਨਾ ਹੋ ਗਈ ਹੈ।