ਸ਼ੰਭੂ : ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਹਟਾ ਕੇ ਪੁਲਿਸ ਨੇ 13 ਮਹੀਨਿਆਂ ਬਾਅਦ ਅੰਮ੍ਰਿਤਸਰ-ਅੰਬਾਲਾ-ਦਿੱਲੀ ਨੈਸ਼ਨਲ ਹਾਈਵੇ ਖੁਲਵਾ ਦਿੱਤਾ ਹੈ ਪਰ ਇਸ ਤੋਂ ਬਾਅਦ ਪੂਰੇ ਪੰਜਾਬ ‘ਚ ਕਿਸਾਨਾਂ ਦਾ ਗੁੱਸਾ ਭੜਕ ਗਿਆ।
ਪੰਜਾਬ ਪੁਲਿਸ ਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਮੇਤ 100 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਰਾਜ ਭਰ ਵਿੱਚ 1,000 ਤੋਂ ਵੱਧ ਕਿਸਾਨ ਅਜੇ ਵੀ ਪੁਲਿਸ ਹਿਰਾਸਤ ਵਿੱਚ ਹਨ। ਮੋਗਾ, ਬਠਿੰਡਾ, ਮੁਕਤਸਰ, ਫਰੀਦਕੋਟ ਅਤੇ ਹੁਸ਼ਿਆਰਪੁਰ ਵਿੱਚ ਸਰਕਾਰ ਦੀ ਕਾਰਵਾਈ ਤੋਂ ਨਾਰਾਜ਼ ਕਿਸਾਨਾਂ ਅਤੇ ਪੁਲਿਸ ਦਰਮਿਆਨ ਝੜਪਾਂ ਹੋਈਆਂ। ਕਿਸਾਨ ਜਥੇਬੰਦੀਆਂ ਨੇ 26 ਮਾਰਚ ਨੂੰ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ।
ਪੰਜਾਬ ਸਰਕਾਰ ਨਾਲ ਮੀਟਿੰਗ ਕਰਨ ਤੋਂ ਇਨਕਾਰ
ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਕਿਸਾਨਾਂ ਦਾ ਵਿਰੋਧ ਖਤਮ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਨੇਤਾਵਾਂ ਨੂੰ ਅੱਜ ਮੀਟਿੰਗ ਲਈ ਬੁਲਾਇਆ ਸੀ। ਹਾਲਾਂਕਿ, ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਨੇ ਚੰਡੀਗੜ੍ਹ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ 19 ਮਾਰਚ ਨੂੰ ਸਰਕਾਰ ਵੱਲੋਂ ਜਿਸ ਤਰ੍ਹਾਂ ਕਾਰਵਾਈ ਕੀਤੀ ਗਈ ਹੈ ।
ਉਸ ਦੇ ਮੱਦੇਨਜ਼ਰ ਸਰਕਾਰ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਬੈਠਕ ‘ਚ ਹਿੱਸਾ ਨਾ ਲੈਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਖੁਦ ਮੀਟਿੰਗ ਵਿੱਚ ਬੈਠਣਾ ਚਾਹੀਦਾ ਹੈ ਅਤੇ ਜਿੱਥੋਂ ਉਨ੍ਹਾਂ ਦੀ ਮੀਟਿੰਗ ਸਮਾਪਤ ਹੋਈ ਸੀ, ਉੱਥੋਂ ਮੁੜ ਸ਼ੁਰੂ ਕਰਨਾ ਚਾਹੀਦੀ ਹੈ। 26 ਮਾਰਚ ਨੂੰ ਚੰਡੀਗੜ੍ਹ ਵਿਧਾਨ ਸਭਾ ਮਾਰਚ ਲਈ ਕਿਸਾਨ ਤਿਆਰ ਹਨ। ਉਨ੍ਹਾਂ ਨੇ ਪ੍ਰਦਰਸ਼ਨ ਲਈ ਜਗ੍ਹਾ ਦੀ ਮੰਗ ਕੀਤੀ ਹੈ।
ਡੱਲੇਵਾਲ ਮੈਡੀਕਲ ਟੀਮ ਦੀ ਨਿਗਰਾਨੀ ਹੇਠ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਦੇ ਆਰਮੀ ਏਰੀਆ ਵਿੱਚ ਪੀ.ਡਬਲਯੂ.ਡੀ. ਰੈਸਟ ਹਾਊਸ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜਲੰਧਰ ਦੇ ਪਿਮਸ ਹਸਪਤਾਲ ‘ਚ ਡਾਕਟਰਾਂ ਦੀ ਨਿਗਰਾਨੀ ‘ਚ ਰੱਖਿਆ ਗਿਆ ਸੀ।