ਸੰਭਲ: ਸੰਭਲ ਦੀ ਸ਼ਾਹੀ ਜਾਮਾ ਮਸਜਿਦ ‘ਚ ਰੰਗਾਈ ਦਾ ਕੰਮ ਅੱਜ ਪੂਰਾ ਹੋ ਜਾਵੇਗਾ। ਮਸਜਿਦ ਕਮੇਟੀ ਦੇ ਸਕੱਤਰ ਮਸੂਦ ਫਾਰੂਕੀ ਨੇ ਕਿਹਾ ਕਿ ਪੇਂਟਿੰਗ ਦਾ ਕੰਮ ਅਜੇ ਵੀ ਜਾਰੀ ਹੈ ਅਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਇਹ ਅੱਜ ਪੂਰਾ ਹੋ ਜਾਵੇਗਾ। ਹਾਈ ਕੋਰਟ ਨੇ ਇਕ ਹਫ਼ਤੇ ਦੀ ਸਮਾਂ ਸੀਮਾ ਦਿੱਤੀ ਸੀ ਅਤੇ ਸਾਨੂੰ ਭਰੋਸਾ ਹੈ ਕਿ ਕੰਮ ਨਿਰਧਾਰਤ ਸਮੇਂ ਦੇ ਅੰਦਰ ਪੂਰਾ ਹੋ ਜਾਵੇਗਾ। ‘
ਏ.ਐਸ.ਆਈ. ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ ਨਵੀਨੀਕਰਨ ਦਾ ਕੰਮ
ਇਲਾਹਾਬਾਦ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਦੀ ਨਿਗਰਾਨੀ ਹੇਠ ਨਵੀਨੀਕਰਨ ਦਾ ਕੰਮ ਐਤਵਾਰ ਤੋਂ ਚੱਲ ਰਿਹਾ ਹੈ। ਮਸਜਿਦ ਪ੍ਰਬੰਧਨ ਨੇ ਇਮਾਰਤ ਦੇ ਢਾਂਚੇ ਅਤੇ ਪੇਂਟਿੰਗ ਦੇ ਦੁਆਲੇ ਸਜਾਵਟ ਅਤੇ ਵਾਧੂ ਰੋਸ਼ਨੀ ਦੀ ਆਗਿਆ ਮੰਗੀ ਸੀ।
ਮਸਜਿਦ ਦੇ ਪਿੱਛੇ ਕੰਧ ਦੇ ਰੰਗ ਵਿੱਚ ਤਬਦੀਲੀ
ਮਸਜਿਦ ਦੇ ਪਿਛਲੇ ਪਾਸੇ ਕੰਧ ਦਾ ਰੰਗ ਬਦਲਣ ‘ਤੇ ਚਿੰਤਾ ਜ਼ਾਹਰ ਕਰਦਿਆਂ ਸ਼ਾਹੀ ਜਾਮਾ ਮਸਜਿਦ ਦੇ ਚੇਅਰਮੈਨ ਜ਼ਫਰ ਅਲੀ ਨੇ ਕਿਹਾ ਕਿ ਏ.ਐਸ.ਆਈ. ਨੇ ਮਸਜਿਦ ਦੇ ਪਿਛਲੇ ਹਿੱਸੇ ਨੂੰ ਪਹਿਲਾਂ ਦੇ ਹਰੇ ਅਤੇ ਸੋਨੇ ਦੇ ਰੰਗਾਂ ਦੀ ਬਜਾਏ ਚਿੱਟੇ ਰੰਗ ਨਾਲ ਰੰਗਿਆ ਹੈ। ਹਾਲਾਂਕਿ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਸਜਿਦ ਕਮੇਟੀ ਨੂੰ ਇਸ ਤਬਦੀਲੀ ‘ਤੇ ਕੋਈ ਇਤਰਾਜ਼ ਨਹੀਂ ਹੈ। ਏ.ਐਸ.ਆਈ. ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੀਆਂ ਸਾਰੀਆਂ ਸੁਰੱਖਿਅਤ ਇਮਾਰਤਾਂ ਨੂੰ ਚਿੱਟੇ ਰੰਗ ਨਾਲ ਰੰਗਿਆ ਗਿਆ ਹੈ। ਸਾਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਅਸੀਂ ਉਨ੍ਹਾਂ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ। ਇਹ ਪੁੱਛੇ ਜਾਣ ‘ਤੇ ਕਿ ਕੀ ਮਸਜਿਦ ਕਮੇਟੀ ਰੰਗ ਬਦਲਣ ਨੂੰ ਅਦਾਲਤ ‘ਚ ਚੁਣੌਤੀ ਦੇਵੇਗੀ, ਉਨ੍ਹਾਂ ਕਿਹਾ ਕਿ ਸਾਨੂੰ ਇਸ ਮਾਮਲੇ ‘ਚ ਕੋਈ ਇਤਰਾਜ਼ ਨਹੀਂ ਹੈ ਅਤੇ ਨਾ ਹੀ ਇਸ ਨੂੰ ਲੈ ਕੇ ਕੋਈ ਵਿਵਾਦ ਹੈ। ‘
ਪਟੀਸ਼ਨ ਵਿੱਚ ਕੀਤਾ ਗਿਆ ਸੀ ਮੰਦਰ ਹੋਣ ਦਾ ਦਾਅਵਾ
ਮੁਗਲ ਕਾਲ ਦੀ ਮਸਜਿਦ ਦੀ ਰੰਗਾਈ ਪੁਤਾਈ ਅਜਿਹੇ ਸਮੇਂ ‘ਚ ਕੀਤੀ ਗਈ ਹੈ ਜਦੋਂ ਇਸ ਸਥਾਨ ਦੇ ਇਤਿਹਾਸ ਨੂੰ ਲੈ ਕੇ ਕਾਨੂੰਨੀ ਵਿਵਾਦ ਜਾਰੀ ਹੈ । ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਸਜਿਦ ਨੂੰ ਇਕ ਪ੍ਰਾਚੀਨ ਹਿੰਦੂ ਮੰਦਰ ਦੇ ਉਪਰ ਬਣਾਇਆ ਗਿਆ ਸੀ। ਅਦਾਲਤ ਦੇ ਆਦੇਸ਼ ‘ਤੇ ਏ.ਐਸ.ਆਈ. ਵੱਲੋਂ ਢਾਂਚੇ ਦਾ ਸਰਵੇਖਣ ਕਰਨ ਦੇ ਵਿਰੋਧ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਸੰਭਲ ਵਿੱਚ ਦੰਗੇ ਭੜਕ ਗਏ ਸਨ। ਹਿੰਸਾ ਵਿੱਚ ਚਾਰ ਲੋਕ ਮਾਰੇ ਗਏ ਸਨ ਅਤੇ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਇਲਾਹਾਬਾਦ ਹਾਈ ਕੋਰਟ ਨੇ 12 ਮਾਰਚ ਨੂੰ ਏ.ਐਸ.ਆਈ. ਨੂੰ ਇੱਕ ਹਫ਼ਤੇ ਦੇ ਅੰਦਰ ਮਸਜਿਦ ਦੀਆਂ ਬਾਹਰੀ ਕੰਧਾਂ ਦੀ ਪੇਂਟਿੰਗ ਪੂਰੀ ਕਰਨ ਦਾ ਨਿਰਦੇਸ਼ ਦਿੱਤਾ ਸੀ।