ਗਾਜ਼ਾ : ਇਜ਼ਰਾਈਲ ਨੇ ਅੱਜ ਸਵੇਰੇ ਗਾਜ਼ਾ ਪੱਟੀ ‘ਚ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕਈ ਹਵਾਈ ਹਮਲੇ ਕੀਤੇ। ਫਿਲਸਤੀਨੀ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿਚ ਘੱਟੋ ਘੱਟ 69 ਲੋਕ ਮਾਰੇ ਗਏ ਹਨ। ਜਨਵਰੀ ਵਿਚ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਗਾਜ਼ਾ ਵਿਚ ਇਹ ਸਭ ਤੋਂ ਘਾਤਕ ਹਮਲਾ ਦੱਸਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਹਮਲੇ ਦਾ ਆਦੇਸ਼ ਇਸ ਲਈ ਦਿੱਤਾ ਕਿਉਂਕਿ ਜੰਗਬੰਦੀ ਵਧਾਉਣ ਲਈ ਗੱਲਬਾਤ ਵਿਚ ਕੋਈ ਮਹੱਤਵਪੂਰਨ ਪ੍ਰਗਤੀ ਨਹੀਂ ਹੋਈ ਹੈ। ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਇਜ਼ਰਾਈਲ ਹੁਣ ਫੌਜੀ ਤਾਕਤ ਵਧਾ ਕੇ ਹਮਾਸ ਖ਼ਿਲਾਫ਼ ਕਾਰਵਾਈ ਕਰੇਗਾ। ਰਾਤ ਭਰ ਹੋਏ ਹਮਲਿਆਂ ਨੇ ਸ਼ਾਂਤੀ ਦੀ ਮਿਆਦ ਨੂੰ ਖਤਮ ਕਰ ਦਿੱਤਾ ਅਤੇ 17 ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਦੇ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਵਧਾ ਦਿੱਤੀ, ਜਿਸ ਵਿਚ 48,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਅਤੇ ਗਾਜ਼ਾ ਤਬਾਹ ਹੋ ਗਿਆ ਹੈ।
ਇਜ਼ਰਾਈਲੀ ਹਮਲਿਆਂ ਨੇ ਹਮਾਸ ਦੁਆਰਾ ਬੰਧਕ ਬਣਾਏ ਗਏ ਲਗਭਗ 24 ਇਜ਼ਰਾਈਲੀ ਨਾਗਰਿਕਾਂ ਦੀ ਕਿਸਮਤ ‘ਤੇ ਸ਼ੱਕ ਪੈਦਾ ਕਰ ਦਿੱਤਾ ਹੈ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਅਜੇ ਵੀ ਜ਼ਿੰਦਾ ਹਨ। ਹਮਾਸ ਨੇ ਇਕ ਬਿਆਨ ਵਿਚ ਇਜ਼ਰਾਈਲੀ ਹਮਲਿਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਨੇ ਬੰਧਕਾਂ ਦੇ ਭਵਿੱਖ ਨੂੰ ਖਤਰੇ ਵਿਚ ਪਾ ਦਿੱਤਾ ਹੈ। ਇਕ ਇਜ਼ਰਾਈਲੀ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਇਜ਼ਰਾਈਲ ਹਮਾਸ ਦੇ ਅੱਤਵਾਦੀਆਂ, ਇਸ ਦੇ ਨੇਤਾਵਾਂ ਅਤੇ ਬੁਨਿਆਦੀ ਢਾਂਚੇ ‘ਤੇ ਹਮਲਾ ਕਰ ਰਿਹਾ ਹੈ ਅਤੇ ਹਵਾਈ ਹਮਲਿਆਂ ਤੋਂ ਇਲਾਵਾ ਮੁਹਿੰਮ ਨੂੰ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ।