ਅਮਰੀਕਾ : ਅਮਰੀਕਾ ਸਰਕਾਰ ਦੀ ਅੱਖ ਹੁਣ ਗ੍ਰੀਨ ਕਾਰਡ ਹੋਲਡਰਾਂ ਉਪਰ ਹੈ। ਸੰਕੇਤ ਮਿਲੇ ਹਨ ਕਿ ਦੇਸ਼ ਅੰਦਰ ਗ੍ਰੀਨ ਕਾਰਡ ਹੋਲਡਰਾਂ ਉਪਰ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਅਜਿਹੀ ਚਰਚਾ ਦੌਰਾਨ ਹੀ ਅਮਰੀਕਾ ਵਿੱਚ ਇੱਕ ਵੈਧ ਅਮਰੀਕੀ ਗ੍ਰੀਨ ਕਾਰਡ ਧਾਰਕ ਨਾਲ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਗ੍ਰੀਨ ਕਾਰਡ ਹੋਲਡਰਾਂ ਅੰਦਰ ਸਹਿਮ ਵਧ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ 34 ਸਾਲਾ ਜਰਮਨ ਨਾਗਰਿਕ ਫੈਬੀਅਨ ਸ਼ਮਿਟ ਨੂੰ 7 ਮਾਰਚ ਨੂੰ ਮੈਸੇਚਿਉਸੇਟਸ ਦੇ ਲੋਗਨ ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ। ਨਿਊਜ਼ਵੀਕ ਅਨੁਸਾਰ ਸ਼ਮਿਟ ਜੋ ਆਪਣੀ ਕਿਸ਼ੋਰ ਅਵਸਥਾ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਤੇ ਵਰਤਮਾਨ ਵਿੱਚ ਨਿਊ ਹੈਂਪਸ਼ਾਇਰ ਵਿੱਚ ਰਹਿੰਦਾ ਹੈ, ਲਕਸਮਬਰਗ ਦੀ ਯਾਤਰਾ ਤੋਂ ਵਾਪਸ ਆ ਰਿਹਾ ਸੀ। ਉਸ ਦੇ ਪਰਿਵਾਰ ਅਨੁਸਾਰ ਸ਼ਮਿਟ ਨੂੰ ਗ੍ਰਿਫਤਾਰ ਕੀਤਾ ਗਿਆ, ਕੱਪੜੇ ਉਤਾਰ ਦਿੱਤੇ ਗਏ ਤੇ ਸੈਂਟਰਲ ਫਾਲਸ , ਰੋਡ ਵਿੱਚ ਡੋਨਾਲਡ ਡਬਲਯੂ ਵਾਇਟ ਡਿਟੈਂਸ਼ਨ ਭੇਜਣ ਤੋਂ ਪਹਿਲਾਂ ਉਸ ਤੋਂ ਹਿੰਸਕ ਪੁੱਛਗਿੱਛ ਕੀਤੀ ਗਈ। ਉਸ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਹ ਉਸ ਦੀ ਨਜ਼ਰਬੰਦੀ ਦੇ ਕਾਰਨਾਂ ਤੋਂ ਜਾਣੂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਸ਼ਮਿਟ ਦੇ ਗ੍ਰੀਨ ਕਾਰਡ ਨੂੰ ਹਾਲ ਹੀ ਵਿੱਚ ਨਵਿਆਇਆ ਗਿਆ ਸੀ ਤੇ ਉਸ ਖਿਲਾਫ ਕੋਈ ਅਦਾਲਤੀ ਕੇਸ ਲੰਬਿਤ ਨਹੀਂ ਹੈ।
ਸ਼ਮਿਟ ਦੇ ਸਾਥੀ ਨੇ ਉਸ ਨੂੰ ਹਵਾਈ ਅੱਡੇ ‘ਤੇ ਲੈਣ ਗਏ ਸੀ। ਉਨ੍ਹਾਂ ਨੇ ਸ਼ਮਿਟ ਦਾ ਚਾਰ ਘੰਟੇ ਇੰਤਜ਼ਾਰ ਕੀਤਾ ਤੇ ਜਦੋਂ ਉਹ ਨਹੀਂ ਪਹੁੰਚਿਆ ਤਾਂ ਅਧਿਕਾਰੀਆਂ ਨਾਲ ਸੰਪਰਕ ਕੀਤਾ। ਸ਼ਮਿਟ ਦਾ ਪਰਿਵਾਰ ਉਸ ਦੀ ਨਜ਼ਰਬੰਦੀ ਬਾਰੇ ਜਵਾਬ ਲੱਭ ਰਿਹਾ ਹੈ ਤੇ ਉਸ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਰਿਹਾ ਹੈ।ਸ਼ਮਿਟ ਦੀ ਮਾਂ ਐਸਟ੍ਰਿਡ ਸੀਨੀਅਰ ਨੇ ਕਿਹਾ ਕਿ ਬੱਸ ਉਨ੍ਹਾਂ ਨੂੰ ਇੰਨੀ ਹੀ ਦੱਸਿਆ ਗਿਆ ਕਿ ਉਸ ਦਾ ਗ੍ਰੀਨ ਕਾਰਡ ਫਲੈਗ ਕਰ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਉਸ ਦੇ ਪੁੱਤਰ ਨਾਲ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਪਮਾਨਜਨਕ ਵਿਵਹਾਰ ਕੀਤਾ। ਉਸ ਨੇ ਦੋਸ਼ ਲਗਾਇਆ ਕਿ ਉਸ ਤੋਂ “ਹਿੰਸਕ ਤੌਰ ‘ਤੇ ਪੁੱਛਗਿੱਛ ਕੀਤੀ ਗਈ”, ਜ਼ਬਰਦਸਤੀ ਨੰਗਾ ਕੀਤਾ ਗਿਆ ਤੇ ਫਿਰ ਠੰਢੇ ਪਾਣੀ ਨਾਲ ਨਵਾਹਿਆ ਗਿਆ।
ਐਸਟ੍ਰਿਡ ਸੀਨੀਅਰ ਨੇ ਕਿਹਾ ਕਿ ਉਸ ਦੇ ਪੁੱਤਰ ਦਾ ਗ੍ਰੀਨ ਕਾਰਡ 2023 ਵਿੱਚ ਕਾਨੂੰਨੀ ਤੌਰ ‘ਤੇ ਦੁਬਾਰਾ ਜਾਰੀ ਕੀਤਾ ਗਿਆ ਸੀ, ਜਦੋਂ ਉਸ ਨੇ ਆਪਣਾ ਪਿਛਲਾ ਕਾਰਡ ਗੁਆਚ ਜਾਣ ਦੀ ਰਿਪੋਰਟ ਕੀਤੀ ਸੀ। ਵੈਧ ਨਵਾਂ ਜਾਰੀ ਕੀਤਾ ਗਿਆ ਗ੍ਰੀਨ ਕਾਰਡ ਹੋਣ ਦੇ ਬਾਵਜੂਦ, ਜਦੋਂ ਸ਼ਮਿਟ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਦੁਬਾਰਾ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਯਾਤਰਾ ਦਸਤਾਵੇਜ਼ ਰੱਦ ਕਰ ਦਿੱਤਾ ਗਿਆ। ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੇ ਪਬਲਿਕ ਰਿਲੇਸ਼ਨਜ਼ ਲਈ ਸਹਾਇਕ ਕਮਿਸ਼ਨਰ ਹਿਲਟਨ ਬੈਕਹਮ ਨੇ ਸ਼ਨੀਵਾਰ ਨੂੰ ਨਿਊਜ਼ਵੀਕ ਨੂੰ ਦੱਸਿਆ ਕਿ ਜੇਕਰ ਕਾਨੂੰਨਾਂ ਜਾਂ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਯਾਤਰੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਤੇ ਕੱਢਿਆ ਜਾ ਸਕਦਾ ਹੈ। ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਸੰਘੀ ਗੁਪਤਤਾ ਨਿਯਮਾਂ ਦੇ ਕਾਰਨ ਖਾਸ ਮਾਮਲਿਆਂ ਬਾਰੇ ਵੇਰਵੇ ਦਾ ਖੁਲਾਸਾ ਨਾ ਕਰਨ ਲਈ ਸੁਤੰਤਰ ਹੈ।
ਸ਼ਮਿਟ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੋਕਾਂ ਵਿੱਚ ਵਿਆਪਕ ਰੋਸ ਹੈ। ਲੋਕ ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਤੋਂ ਚਿੰਤਤ ਹਨ। ਇਹ ਮਾਮਲਾ ਉਨ੍ਹਾਂ ਘਟਨਾਵਾਂ ਦੀ ਲੜੀ ਦਾ ਤਾਜ਼ਾ ਮਾਮਲਾ ਹੈ ਜਿਸ ਵਿੱਚ ਅਮਰੀਕਾ ਦੇ ਕਾਨੂੰਨੀ ਨਿਵਾਸੀਆਂ ਨੂੰ ਹਵਾਈ ਅੱਡਿਆਂ ‘ਤੇ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਘਟਨਾਵਾਂ ਨੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਸੰਭਾਵੀ ਦੁਰਵਰਤੋਂ ਬਾਰੇ ਬਹਿਸ ਛੇੜ ਦਿੱਤੀ ਹੈ।