ਪਟਿਆਲਾ : ਪਟਿਆਲਾ ਪੁਲਿਸ ਵਿਭਾਗ ਨੇ ਫੌਜ ਦੇ ਕਰਨਲ ਅਤੇ ਉਸ ਦੇ ਬੇਟੇ ਦੀ ਕੁੱਟਮਾਰ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ‘ਚ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਫੌਜ ਦੇ ਕਰਨਲ ਅਤੇ ਉਸ ਦੇ ਬੇਟੇ ਦੀ ਕੁੱਟਮਾਰ ਦੀ ਪੂਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ।
ਇਸ ਮਾਮਲੇ ਵਿੱਚ ਪਰਿਵਾਰ ਨੇ ਇਸ ਸਬੰਧ ਵਿੱਚ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਦਰਅਸਲ, ਇਹ ਸਾਰਾ ਵਿਵਾਦ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਦੋਸ਼ ਹੈ ਕਿ ਪੁਲਿਸ ਵਾਲਿਆਂ ਨੇ ਫੌਜ ਦੇ ਕਰਨਲ ਅਤੇ ਉਸ ਦੇ ਬੇਟੇ ਨੂੰ ਜ਼ਬਰਦਸਤ ਕੁੱਟਿਆ। ਐਸ.ਐਸ.ਪੀ ਨਾਨਕ ਸਿੰਘ ਨੇ ਸਬੰਧਤ ਪੁਲਿਸ ਮੁਲਾਜ਼ਮਾਂ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਕਿਹਾ ਹੈ ਕਿ ਜਾਂਚ 45 ਦਿਨਾਂ ਵਿੱਚ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਫੌਜੀ ਅਧਿਕਾਰੀ ਦੇ ਮਾਮਲੇ ‘ਚ ਅਸੀਂ ਮੁਆਫੀ ਮੰਗਦੇ ਹਾਂ, ਅਸੀਂ ਫੌਜ ਦਾ ਪੂਰਾ ਸਤਿਕਾਰ ਕਰਦੇ ਹਾਂ।