ਲੁਧਿਆਣਾ : ਵਿੱਤੀ ਸਾਲ ਖਤਮ ਹੋਣ ‘ਚ ਸਿਰਫ 14 ਦਿਨ ਬਚੇ ਹਨ ਅਤੇ ਨਗਰ ਨਿਗਮ ‘ਤੇ ਸਰਕਾਰ ਵੱਲੋਂ ਨਿਰਧਾਰਤ 150 ਕਰੋੜ ਰੁਪਏ ਦੇ ਬਜਟ ਟੀਚੇ ਨੂੰ ਪੂਰਾ ਕਰਨ ਦਾ ਦਬਾਅ ਹੈ। ਇਸ ਦੇ ਤਹਿਤ ਬਕਾਇਆ ਪ੍ਰਾਪਰਟੀ ਟੈਕਸ ਵਸੂਲਣ ਲਈ ਡਿਫਾਲਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਨਗਰ ਨਿਗਮ ਨੇ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲਿਆਂ ਦੀਆਂ ਇਮਾਰਤਾਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਦੀ ਪੁਸ਼ਟੀ ਜ਼ੋਨਲ ਕਮਿਸ਼ਨਰ ਨੀਰਜ ਜੈਨ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਮੇਅਰ, ਕਮਿਸ਼ਨਰਾਂ ਦੇ ਹੁਕਮਾਂ ‘ਤੇ ਬਲਾਕ ਵਾਰ ਟੀਚੇ ਨਿਰਧਾਰਤ ਕੀਤੇ ਗਏ ਹਨ ਅਤੇ ਸੁਪਰਡੈਂਟਾਂ ਦੀ ਅਗਵਾਈ ਹੇਠ ਟੀਮਾਂ ਬਣਾ ਕੇ ਫੀਲਡ ਵਿੱਚ ਭੇਜੀਆਂ ਗਈਆਂ ਹਨ। ਟੀਮਾਂ ਨੇ ਸ਼ੇਰਪੁਰ ਇਲਾਕੇ ‘ਚ ਸੀਲੰਿਗ ਦੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਤੋਂ ਬਚਣ ਲਈ ਕਈ ਲੋਕਾਂ ਨੇ ਮੌਕੇ ‘ਤੇ ਹੀ 5 ਲੱਖ ਰੁਪਏ ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾ ਦਿੱਤਾ।