ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਏ.ਆਰ ਰਹਿਮਾਨ ਨੂੰ ਲੈ ਕੇ ਅੱਜ ਸਵੇਰੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ । ਗਾਇਕ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੇ ਛਾਤੀ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਹੁਣ ਉਨ੍ਹਾਂ ਨੂੰ ਲੈ ਕੇ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਏ.ਆਰ. ਰਹਿਮਾਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ।
ਗਾਇਕ ਦੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹੁਣ ਬਿਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਘਰ ਵਾਪਸ ਆ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਦਾ ਕੋਈ ਕਾਰਨ ਨਹੀਂ ਹੈ। ਸਵੇਰੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਕੁਝ ਅਹਿਮ ਟੈਸਟ ਕੀਤੇ। ਹੁਣ ਸਭ ਕੁਝ ਠੀਕ ਹੈ ਅਤੇ ਉਹ ਸਿਹਤਮੰਦ ਹਨ। ‘
ਏ.ਆਰ. ਰਹਿਮਾਨ ਦੇ ਮੈਨੇਜਰ ਨੇ ਵੀ ਗਾਇਕ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ, “ਅੱਜ ਸਵੇਰੇ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੇ ਕੁਝ ਜ਼ਰੂਰੀ ਟੈਸਟ ਹਸਪਤਾਲ ਵਿੱਚ ਕੀਤੇ ਗਏ ਸਨ। ਉਨ੍ਹਾਂ ਨੂੰ ਕੁਝ ਘੰਟਿਆਂ ਦੇ ਅੰਦਰ ਹੀ ਛੁੱਟੀ ਦੇ ਦਿੱਤੀ ਗਈ ਹੈ ਅਤੇ ਹੁਣ ਉਹ ਬਿਲਕੁਲ ਠੀਕ ਹਨ। ‘ਅਪੋਲੋ ਹਸਪਤਾਲ ਦੇ ਮੈਡੀਕਲ ਬੁਲੇਟਿਨ ਮੁਤਾਬਕ ਉਨ੍ਹਾਂ ‘ਚ ਡੀਹਾਈਡਰੇਸ਼ਨ ਦੇ ਲੱਛਣ ਸਨ। ਹਸਪਤਾਲ ਵਿੱਚ ਉਨ੍ਹਾਂ ਦੀ ਨਿਯਮਤ ਜਾਂਚ ਕੀਤੀ ਗਈ ਅਤੇ ਹੁਣ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਕੰਮ ਦੀ ਗੱਲ ਕਰੀਏ ਤਾਂ ਏ.ਆਰ ਰਹਿਮਾਨ ਨੂੰ ਫਿਲਮ ‘ਰੋਜਾ’ ਦੇ ਸੰਗੀਤ ਤੋਂ ਮਿਊਜ਼ਿਕ ਇੰਡਸਟਰੀ ‘ਚ ਇਕ ਖਾਸ ਪਛਾਣ ਮਿਲੀ। ਇਹ ਮਨੀ ਰਤਨਮ ਦੀ ਫਿਲਮ ਸੀ, ਜਿਸ ‘ਚ ਉਨ੍ਹਾਂ ਦੇ ਸੰਗੀਤ ਨੇ ਉਨ੍ਹਾਂ ਨੂੰ ਸੁਰਖੀਆਂ ‘ਚ ਲਿਆਂਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਮ ਗੋਪਾਲ ਵਰਮਾ ਦੀ ਫਿਲਮ ‘ਰੰਗੀਲਾ’ ਲਈ ਸੰਗੀਤ ਵੀ ਤਿਆਰ ਕੀਤਾ, ਜੋ ਬਾਲੀਵੁੱਡ ‘ਚ ਉਨ੍ਹਾਂ ਦੇ ਕਰੀਅਰ ‘ਚ ਇਕ ਟਰਨਿੰਗ ਪੁਆਇੰਟ ਸਾਬਤ ਹੋਇਆ।