Sports News : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਜਲਦੀ ਹੀ ਆਉਣ ਵਾਲੇ ਸਾਲਾਨਾ ਸਾਲ ਲਈ ਕੇਂਦਰੀ ਕੰਟਰੈਕਟ ਦੀ ਲਿਸਟ ਜਾਰੀ ਕਰਨ ਜਾ ਰਿਹਾ ਹੈ। ਬੋਰਡ ਚੈਂਪੀਅਨਜ਼ ਟਰਾਫੀ ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਸਟ ਜਾਰੀ ਕਰੇਗਾ। ਦੱਸ ਦੇਈਏ ਕਿ ਪਿਛਲੇ ਸਾਲ ਫਰਵਰੀ ਵਿੱਚ ਹੀ ਇਹ ਲਿਸਟ ਜਾਰੀ ਕੀਤੀ ਗਈ ਸੀ ਪਰ ਇਸ ਵਾਰ ਚੈਂਪੀਅਨਜ਼ ਟਰਾਫੀ ਕਾਰਨ ਇਸ ਵਿੱਚ ਦੇਰੀ ਹੋ ਗਈ। ਪਿਛਲੇ ਸਾਲ ਬੀ.ਸੀ.ਸੀ.ਆਈ ਦੇ ਕੰਟਰੈਕਟ ਦੀ ਲਿਸਟ ਵਿੱਚ ਸ਼ਾਮਲ ਕਈ ਖਿਡਾਰੀ ਇਸ ਵਾਰ ਅੰਤਰਰਾਸ਼ਟਰੀ ਮੈਚਾਂ ਵਿੱਚ ਹਿੱਸਾ ਨਾ ਲੈਣ ਕਾਰਨ ਲਿਸਟ ਤੋਂ ਬਾਹਰ ਹੋ ਸਕਦੇ ਹਨ।
ਆਵੇਸ਼ ਖਾਨ, ਰਜਤ ਪਾਟੀਦਾਰ, ਕੇਐਸ ਭਰਤ ਆਦਿ ਉਹ ਖਿਡਾਰੀ ਹਨ ਜੋ ਇਸ ਵਾਰ ਬੀ.ਸੀ.ਸੀ.ਆਈ ਦੀ ਕੇਂਦਰੀ ਕੰਟਰੈਕਟ ਦੀ ਲਿਸਟ ਤੋਂ ਬਾਹਰ ਹੋ ਸਕਦੇ ਹਨ। ਪਿਛਲੇ ਸਾਲ, ਤਿੰਨੋਂ ਖਿਡਾਰੀਆਂ ਨੂੰ ‘ਸੀ ਗ੍ਰੇਡ’ ਵਿੱਚ ਰੱਖਿਆ ਗਿਆ ਸੀ। ਕੇਂਦਰੀ ਕਾਨਟਰੈਕਟ ਵਿੱਚ ਸ਼ਾਮਲ ਹੋਣ ਤੋਂ ਬਾਅਦ, ਰਜਤ ਪਾਟੀਦਾਰ ਨੇ ਪਿਛਲੇ ਕੈਲੰਡਰ ਸਾਲ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਿਆ। ਬੇਸ਼ੱਕ, ਉਨ੍ਹਾਂ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਪਿਛਲੇ ਐਡੀਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ ਪਰ ਉਨ੍ਹਾਂ ਨੂੰ ਭਾਰਤ ਬਨਾਮ ਇੰਗਲੈਂਡ ਟੀ-20 ਲੜੀ ਵਿੱਚ ਜਗ੍ਹਾ ਨਹੀਂ ਮਿਲੀ। ਇਸ ਵਾਰ, ਰਜਤ ਪਾਟੀਦਾਰ, ਜੋ ਆਈ.ਪੀ.ਐਲ 2025 ਵਿੱਚ ਆਰ.ਸੀ.ਬੀ ਦੀ ਕਪਤਾਨੀ ਕਰਨਗੇ, ਬੀ.ਸੀ.ਸੀ.ਆਈ ਦੀ ਕੇਂਦਰੀ ਕੰਟਰੈਕਟ ਦੀ ਲਿਸਟ ਤੋਂ ਬਾਹਰ ਹੋ ਸਕਦੇ ਹਨ।
ਗੇਂਦਬਾਜ਼ ਆਵੇਸ਼ ਖਾਨ ਵੀ ਕੇਂਦਰੀ ਕੰਟਰੈਕਟ ਦੀ ਲਿਸਟ ਤੋਂ ਬਾਹਰ ਹੋ ਸਕਦਾ ਹੈ। ਉਨ੍ਹਾਂ ਨੇ 2024 ਵਿੱਚ ਖੇਡੇ ਗਏ 6 ਟੀ-20 ਮੈਚਾਂ ਵਿੱਚ 6 ਵਿਕਟਾਂ ਲਈਆਂ। ਉਨ੍ਹਾਂ ਨੇ ਆਪਣਾ ਆਖਰੀ ਇੱਕ ਰੋਜ਼ਾ ਮੈਚ 2023 ਵਿੱਚ ਖੇਡਿਆ ਸੀ। ਸੰਭਾਵਨਾ ਹੈ ਕਿ ਇਸ ਵਾਰ ਆਵੇਸ਼ ਲਿਸਟ ਤੋਂ ਬਾਹਰ ਹੋ ਸਕਦੇ ਹਨ। ਕੇ.ਐਸ ਭਰਤ ਨੂੰ ਵੀ ਲਿਸਟ ਤੋਂ ਬਾਹਰ ਰੱਖਿਆ ਜਾ ਸਕਦਾ ਹੈ, ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਫਰਵਰੀ 2024 ਵਿੱਚ ਖੇਡਿਆ ਸੀ।
ਸ਼ਾਰਦੁਲ ਠਾਕੁਰ ਨੂੰ ਵੀ ਬੀ.ਸੀ.ਸੀ.ਆਈ ਦੀ ਕੇਂਦਰੀ ਕੰਟਰੈਕਟ ਦੀ ਲਿਸਟ ਤੋਂ ਵੀ ਬਾਹਰ ਰੱਖਿਆ ਜਾ ਸਕਦਾ ਹੈ। ਹਾਲਾਂਕਿ, ਰਣਜੀ ਟਰਾਫੀ ਵਿੱਚ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਨੂੰ ਜੂਨ ਵਿੱਚ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਲਈ ਟੀਮ ਵਿੱਚ ਚੁਣਿਆ ਜਾ ਸਕਦਾ ਹੈ। ਇਹ ਦੇਖਣਾ ਬਾਕੀ ਹੈ ਕਿ ਉਹ ਲਿਸਟ ਵਿੱਚ ਆਪਣੀ ਜਗ੍ਹਾ ਬਚਾ ਸਕੇਗਾ ਜਾਂ ਨਹੀਂ। ਰਵੀਚੰਦਰਨ ਅਸ਼ਵਿਨ ਵੀ ਲਿਸਟ ਤੋਂ ਬਾਹਰ ਹੋ ਜਾਣਗੇ ਕਿਉਂਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਸਾਲ, ਕੇਂਦਰੀ ਕੰਟਰੈਕਟ ਦੀ ਲਿਸਟ ਤੋਂ ਬਾਹਰ ਰਹਿਣ ਵਾਲੇ ਖਿਡਾਰੀਆਂ ਵਿੱਚ ਇੱਕ ਵੱਡਾ ਨਾਮ ਸ਼੍ਰੇਅਸ ਅਈਅਰ ਸੀ। ਉਨ੍ਹਾਂ ਨੂੰ ਘਰੇਲੂ ਕ੍ਰਿਕਟ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਬਾਹਰ ਕਰ ਦਿੱਤਾ ਗਿਆ ਸੀ। ਹੁਣ ਚੈਂਪੀਅਨਜ਼ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਉਨ੍ਹਾਂ ਨੂੰ ਬੀ.ਸੀ.ਸੀ.ਆਈ ਦੀ ਕੇਂਦਰੀ ਕੰਟਰੈਕਟ ਦੀ ਲਿਸਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।