ਮਹਾਰਾਸ਼ਟਰ : ਮਹਾਰਾਸ਼ਟਰ ‘ਚ ਗੁਲੀਅਨ-ਬੈਰੇ ਸਿੰਡਰੋਮ (ਜੀ.ਬੀ.ਐੱਸ.) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਤੱਕ ਸੂਬੇ ‘ਚ ਇਸ ਦੁਰਲੱਭ ਬਿਮਾਰੀ ਦੇ 225 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 197 ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 28 ਸ਼ੱਕੀ ਹਨ। ਇਸ ਬਿਮਾਰੀ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 6 ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 6 ਸ਼ੱਕੀ ਮਾਮਲੇ ਹਨ।
ਜੀ.ਬੀ.ਐੱਸ. ਤੋਂ ਹੁਣ ਤੱਕ ਕਿੰਨੇ ਲੋਕ ਹੋਏ ਹਨ ਪ੍ਰਭਾਵਿਤ ?
ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ 179 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ 24 ਮਰੀਜ਼ ਅਜੇ ਵੀ ਆਈ.ਸੀ.ਯ.ੂ ਵਿੱਚ ਦਾਖਲ ਹਨ। ਇਨ੍ਹਾਂ ‘ਚੋਂ 15 ਮਰੀਜ਼ ਵੈਂਟੀਲੇਟਰ ‘ਤੇ ਹਨ। ਸਭ ਤੋਂ ਵੱਧ ਮਾਮਲੇ ਪੁਣੇ ਨਗਰ ਨਿਗਮ, ਪਿਮਪਰੀ ਚਿੰਚਵਾੜ ਨਗਰ ਨਿਗਮ ਅਤੇ ਪੁਣੇ ਦਿਹਾਤੀ ਖੇਤਰ ਤੋਂ ਸਾਹਮਣੇ ਆਏ ਹਨ।
ਕੀ ਹੈ ਗੁਲੇਨ ਬੈਰੇ ਸਿੰਡਰੋਮ (ਜੀ.ਬੀ.ਐਸ.) ?
ਜੀ.ਬੀ.ਐਸ. ਇੱਕ ਦੁਰਲੱਭ ਦਿਮਾਗੀ ਪ੍ਰਣਾਲੀ ਦੀ ਬਿਮਾਰੀ ਹੈ ਜਿਸ ਵਿੱਚ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਨਸਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਨਾਲ ਮਾਸਪੇਸ਼ੀਆਂ ਦੀ ਕਮਜ਼ੋਰੀ, ਅੰਗਾਂ ਦਾ ਸੁੰਨ ਹੋਣਾ ਅਤੇ ਤੁਰਨ-ਫਿਰਨ ਵਿੱਚ ਮੁਸ਼ਕਲ ਆਉਂਦੀ ਹੈ। ਇਹ ਬਿਮਾਰੀ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ, ਪਰ ਬਜ਼ੁਰਗਾਂ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਵਧੇਰੇ ਖਤਰਾ ਹੁੰਦਾ ਹੈ।
ਜੀ.ਬੀ.ਐਸ. ਦੇ ਕੀ ਹਨ ਲੱਛਣ ?
ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੁੰਨਤਾ ਜਾਂ ਝੁਨਝਣ ਵਾਲੀ ਸੰਵੇਦਨਾ
ਮਾਸਪੇਸ਼ੀਆਂ ਦੀ ਕਮਜ਼ੋਰੀ
ਸਰੀਰ ਦੇ ਅੰਗਾਂ ਦਾ ਸੁੰਨ ਹੋਣਾ
ਤੇਜ਼ ਬੁਖਾਰ ਅਤੇ ਜ਼ੁਕਾਮ ਵਰਗੇ ਲੱਛਣ
ਸਾਹ ਲੈਣ ਵਿੱਚ ਮੁਸ਼ਕਿਲ
ਸਿਹਤ ਵਿਭਾਗ ਦੀਆਂ ਚੇਤਾਵਨੀਆਂ ਅਤੇ ਦਿਸ਼ਾ-ਨਿਰਦੇਸ਼
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਬਿਮਾਰੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਚੌਕਸੀ ਵਧਾ ਦਿੱਤੀ ਹੈ। ਪੁਣੇ ਨਗਰ ਨਿਗਮ ਅਤੇ ਪੇਂਡੂ ਖੇਤਰਾਂ ਵਿੱਚ ਨਿਗਰਾਨੀ ਤੇਜ਼ ਕਰ ਦਿੱਤੀ ਗਈ ਹੈ। ਸੂਬਾ ਸਰਕਾਰ ਨੇ ਘਰ-ਘਰ ਜਾ ਕੇ ਨਿਗਰਾਨੀ ਮੁਹਿੰਮ ਵੀ ਸ਼ੁਰੂ ਕੀਤੀ ਹੈ, ਜਿਸ ‘ਚ ਹੁਣ ਤੱਕ 89,699 ਘਰਾਂ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ।
ਬਿਮਾਰੀ ਦੀ ਰੋਕਥਾਮ ਲਈ ਚੁੱਕੇ ਗਏ ਕਦਮ
7,262 ਨਮੂਨੇ ਪਾਣੀ ਦੇ ਇਕੱਤਰ ਕੀਤੇ ਗਏ , ਜਿਨ੍ਹਾਂ ਵਿਚੋਂ 144 ਪਾਣੀ ਦੇ ਸਰੋਤ ਦੂਸ਼ਿਤ ਪਾਏ ਗਏ ਸਨ। ਇਨ੍ਹਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਬੈਂਗਲੁਰੂ ਸਥਿਤ ਨਿਮਹੰਸ ਇੰਸਟੀਚਿਊਟ ਸੀਰਮ ਦੇ 82 ਨਮੂਨੇ ਭੇਜੇ ਗਏ ਹਨ।
ਹਸਪਤਾਲਾਂ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ ਅਤੇ ਆਈ.ਸੀ.ਯੂ. ਬੈੱਡਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਨਿੱਜੀ ਡਾਕਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ੱਕੀ ਮਾਮਲਿਆਂ ਦੀ ਤੁਰੰਤ ਰਿਪੋਰਟ ਕਰਨ।
ਜੀ.ਬੀ.ਐੱਸ. ਤੋਂ ਬਚਾਅ ਲਈ ਸੁਝਾਅ
ਉਬਾਲਿਆ ਅਤੇ ਸਾਫ਼ ਪਾਣੀ ਪੀਓ।
ਤਾਜ਼ਾ ਅਤੇ ਸਾਫ਼ ਭੋਜਨ ਖਾਓ, ਬਾਸੀ ਭੋਜਨ ਖਾਣ ਤੋਂ ਪਰਹੇਜ਼ ਕਰੋ।
ਚਿਕਨ ਅਤੇ ਮਟਨ ਵਰਗੇ ਘੱਟ ਪਕਾਏ ਹੋਏ ਭੋਜਨ ਤੋਂ ਪਰਹੇਜ਼ ਕਰੋ।
ਹੱਥਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿਓ।
ਜੇ ਤੁਹਾਨੂੰ ਬੁਖਾਰ ਜਾਂ ਸੁੰਨਤਾ ਵਰਗੇ ਲੱਛਣ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਇਸ ਸਮੇਂ ਕੀ ਹੈ ਸਥਿਤੀ ?
ਜੀ.ਬੀ.ਐਸ. ਦੇ ਵੱਧ ਰਹੇ ਮਾਮਲਿਆਂ ਕਾਰਨ ਮਹਾਰਾਸ਼ਟਰ ਸਰਕਾਰ ਅਤੇ ਸਿਹਤ ਵਿਭਾਗ ‘ਹਾਈ ਅਲਰਟ’ ‘ਤੇ ਹਨ। ਨਿਗਰਾਨੀ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਭੇਜਿਆ ਗਿਆ ਹੈ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਮਰੀਜ਼ ਸਹੀ ਸਮੇਂ ‘ਤੇ ਇਲਾਜ ਨਾਲ ਠੀਕ ਹੋ ਰਹੇ ਹਨ।