ਕੋਟਾ : ਬਾਲੀਵੁੱਡ ਦੇ ਤਿੰਨ ਵੱਡੇ ਸਿਤਾਰੇ ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ ਨੂੰ ਪਾਨ ਮਸਾਲੇ ਦੇ ਇਸ਼ਤਿਹਾਰ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਿਤਾਰਿਆਂ ਵਿਰੁੱਧ ਜੈਪੁਰ ਦੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਫੋਰਮ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ। ਇਸ ਮਾਮਲੇ ‘ਚ ਫੋਰਮ ਨੇ ਤਿੰਨਾਂ ਅਦਾਕਾਰਾਂ ਨੂੰ ਨੋਟਿਸ ਜਾਰੀ ਕੀਤੇ ਹਨ।
ਸ਼ਿਕਾਇਤ ਵਿੱਚ ਕੀ ਹੈ ਦੋਸ਼ ?
ਸ਼ਿਕਾਇਤਕਰਤਾ ਯੋਗੇਂਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਪਾਨ ਮਸਾਲਾ ਬ੍ਰਾਂਡ ‘ਵਿਮਲ ਪਾਨ ਮਸਾਲਾ’ ਦਾ ਝੂਠਾ ਦਾਅਵਾ ਕਰਕੇ ਇਸ ਦਾ ਸਮਰਥਨ ਕੀਤਾ ਸੀ। ਯੋਗੇਂਦਰ ਨੇ ਕਿਹਾ ਕਿ ਅਜਿਹੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੁਆਰਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂਕਿ ਪਾਨ ਮਸਾਲੇ ਵਿੱਚ ਕੇਸਰ ਦਾ ਦਾਅਵਾ ਸਹੀ ਨਹੀਂ ਹੈ। ਉਨ੍ਹਾਂ ਨੇ ਇਸ ਇਸ਼ਤਿਹਾਰ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਨ੍ਹਾਂ ਅਦਾਕਾਰਾਂ ਵਿਰੁੱਧ ਪਾਨ ਮਸਾਲੇ ਦਾ ਇਸ਼ਤਿਹਾਰ ਦੇਣ ਲਈ ਸ਼ਿਕਾਇਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਕੋਟਾ ‘ਚ ਇਕ ਸਮਾਜਿਕ ਕਾਰਕੁਨ ਇੰਦਰ ਮੋਹਨ ਸਿੰਘ ਹਨੀ ਨੇ ਵੀ ਇਨ੍ਹਾਂ ਤਿੰਨਾਂ ਅਦਾਕਾਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਸੀ ਕਿ ਇਹ ਸਿਤਾਰੇ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰ ਰਹੇ ਹਨ ਕਿਉਂਕਿ ਨੌਜਵਾਨ ਉਨ੍ਹਾਂ ਤੋਂ ਪ੍ਰੇਰਿਤ ਹੁੰਦੇ ਹਨ ਅਤੇ ਜਦੋਂ ਇਹ ਸਿਤਾਰੇ ਕਿਸੇ ਉਤਪਾਦ ਦਾ ਪ੍ਰਚਾਰ ਕਰਦੇ ਹਨ ਤਾਂ ਉਹ ਉਤਪਾਦ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਵੀ ਪਾਨ ਮਸਾਲਾ ਦੇ ਇਕ ਇਸ਼ਤਿਹਾਰ ‘ਚ ਇਨ੍ਹਾਂ ਸਿਤਾਰਿਆਂ ਨਾਲ ਨਜ਼ਰ ਆਏ ਸਨ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਹਾਲਾਂਕਿ ਆਲੋਚਨਾ ਤੋਂ ਬਾਅਦ ਅਕਸ਼ੈ ਕੁਮਾਰ ਨੇ ਉਸ ਇਸ਼ਤਿਹਾਰ ਤੋਂ ਦੂਰੀ ਬਣਾ ਲਈ ਸੀ। ਹੁਣ ਸ਼ਾਹਰੁਖ ਖਾਨ, ਅਜੈ ਦੇਵਗਨ ਅਤੇ ਟਾਈਗਰ ਸ਼ਰਾਫ ਵੀ ਇਸ ਇਸ਼ਤਿਹਾਰ ਕਾਰਨ ਵਿਵਾਦਾਂ ਦਾ ਸਾਹਮਣਾ ਕਰ ਰਹੇ ਹਨ।
ਜੈਪੁਰ ਦੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਫੋਰਮ ਦੇ ਪ੍ਰਧਾਨ ਗਿਆਰਸੀਲਾਲ ਮੀਨਾ ਅਤੇ ਮੈਂਬਰ ਹੇਮਲਤਾ ਅਗਰਵਾਲ ਨੇ ਇਨ੍ਹਾਂ ਤਿੰਨਾਂ ਸਿਤਾਰਿਆਂ ਵਿਰੁੱਧ ਨੋਟਿਸ ਜਾਰੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਹੁਣ ਇਨ੍ਹਾਂ ਸਿਤਾਰਿਆਂ ਨੂੰ ਜਵਾਬ ਦੇਣਾ ਪਵੇਗਾ ਕਿ ਉਨ੍ਹਾਂ ਨੇ ਇਸ਼ਤਿਹਾਰ ‘ਚ ਜੋ ਦਾਅਵਾ ਕੀਤਾ ਹੈ ਉਹ ਸਹੀ ਹੈ ਜਾਂ ਨਹੀਂ।