Home ਪੰਜਾਬ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਏ ਜਾਣ ‘ਤੇ CM ਮਾਨ ਦੀ ਪਹਿਲੀ...

ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਏ ਜਾਣ ‘ਤੇ CM ਮਾਨ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ

0

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਪੰਥ ਉਪਰ ਬਾਦਲ ਧੜੇ ਦਾ ਕਬਜ਼ਾ ਬਰਕਰਾਰ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਹਨ। ਇਸ ਤੋਂ ਬਾਅਦ ਸਿਆਸੀ ਲੀਡਰਾਂ ਤੇ ਧਾਰਮਿਕ ਆਗੂਆਂ ਵੱਲੋਂ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਸੀ, ਪਰ ਹੁਣ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਪਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਮਹਾਨ ਗੱਦੀ ਹੈ, ਪਰ ਅੱਜ ਇੱਕ ਧੜੇ ਨੇ ਮਹਾਨ ਤਖ਼ਤ ਦੀ ਮਰਿਆਦਾ ਨੂੰ ਦਰਕਿਨਾਰ ਕਰਕੇ ਆਪਣੀ ਸਿਆਸਤ ਨੂੰ ਬਚਾਉਣਾ ਚੁਣਿਆ ਹੈ। ਪੁਰਾਣੀ ਕਹਾਵਤ ਹੈ “ਨਾ ਘਸੁੰਨ ਮਾਰਦੈ ਨਾ ਲੱਤ ਮਾਰਦੈ, ਰੱਬ ਜਦੋਂ ਮਾਰਦੈ ਬੰਦੇ ਦੀ ਮੱਤ ਮਾਰਦੈ”… ਗੁਰੂ ਸਾਹਿਬ ਸੁਮੱਤ ਬਖ਼ਸ਼ਣ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੰਤ੍ਰਿਮ ਕਮੇਟੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੇਵਾ ਮੁਕਤ ਕੀਤਾ ਹੈ ਪਰ ਜਦੋਂ ਕਿ ਕਮੇਟੀ ਦੀ ਆਪਣੀ ਚੋਣ ਹੋਈ ਨੂੰ 12 ਸਾਲ ਹੋ ਗਏ ਹਨ। ਇਸ ਮੌਕੇ ਮਾਨ ਨੇ ਕੇਂਦਰ ਸਰਕਾਰ ਨੂੰ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਹੈ। ਮਾਨ ਨੇ ਕਿਹਾ ਕਿ ਲੋਕਾਂ ਨੇ ਤਾਂ ਇਨ੍ਹਾਂ ਨੂੰ ਲੈ ਕੇ ਪਹਿਲਾਂ ਹੀ ਫੈਸਲਾ ਲੈ ਲਿਆ ਹੈ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਕਦੇ ਜਥੇਦਾਰ ਨੂੰ ਜੇਬ੍ਹ ਵਿੱਚ ਪਾ ਲੈਂਦੇ ਹਨ ਤੇ ਕੱਢ ਲੈਂਦੇ ਹਨ। ਜਦੋਂ ਇਨ੍ਹਾਂ ਨੇ 2 ਦਸੰਬਰ ਨੂੰ ਤਖ਼ਤ ਸਾਹਮਣੇ ਗ਼ਲਤੀਆਂ ਮੰਨ ਹੀ ਲਈਆਂ ਤੇ ਸਜ਼ਾਵਾਂ ਵੀ ਭੁਗਤ ਲਈ ਫਿਰ ਇਹ ਕਰਨਾ ਤਾਂ ਬਦਲਾਖੋਰੀ ਲਗਦੀ ਹੈ। ਇਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਰੱਬ ਸਭ ਦੇਖਦਾ ਹੈ।

ਜ਼ਿਕਰ ਕਰ ਦਈਏ ਕਿ ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਗੇ। ਇਸ ਤੋਂ ਇਲਾਵਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਾਧੂ ਚਾਰਜ ਵੀ ਕੁਲਦੀਪ ਸਿੰਘ ਸਾਂਭਣਗੇ ਤੇ ਇਸ ਦੇ ਨਾਲ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰੀ ਦੀਆਂ ਜ਼ਿੰਮੇਵਾਰੀਆਂ ਸੰਤ ਬਾਬਾ ਟੇਕ ਸਿੰਘ ਨੂੰ ਦਿੱਤੀ ਗਈਆਂ ਹਨ।

Exit mobile version