ਸੁਲਤਾਨਪੁਰ ਲੋਧੀ : ਪਵਿੱਤਰ ਕਾਲੀ ਵੇਈ ਨਦੀ ਚੋਂ ਭੇਦਭਰੇ ਹਾਲਾਤ ‘ਚ ਇਕ ਲੜਕੇ ਅਤੇ ਇਕ ਲੜਕੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਰਾਮ ਬਾਲਕ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਅਦਾਲਤ ਚੱਕ ਅਤੇ ਲੜਕੀ ਦੀ ਪਛਾਣ ਨੇਹਾ ਪੁੱਤਰੀ ਹੀਰਾ ਲਾਲ ਵਾਸੀ ਪਿੰਡ ਅਦਾਲਤ ਚੱਕ ਵਜੋਂ ਹੋਈ ਹੈ।
ਦੋਵਾਂ ਦੀਆਂ ਲਾਸ਼ਾਂ ਬੀਤੀ ਸਵੇਰੇ ਕਰੀਬ 8 ਵਜੇ ਪੁਲਿਸ ਨੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਦੇ ਪਿਛਲੇ ਪਾਸੇ ਕਾਲੀ ਵੇਈ ਨਦੀ ਤੋਂ ਬਰਾਮਦ ਕੀਤੀਆਂ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੇ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਲੜਕੀ ਨੇਹਾ ਅਤੇ ਲੜਕਾ ਰਾਮ ਬਾਲਕ ਦੋਵੇਂ ਪਿਛਲੇ 3 ਦਿਨਾਂ ਤੋਂ ਲਾਪਤਾ ਸਨ। ਜਿਨ੍ਹਾਂ ਦੀਆਂ ਲਾਸ਼ਾਂ ਪੁਲਿਸ ਨੂੰ ਸਵੇਰੇ ਕਾਲੀ ਵੇਈ ਤੋਂ ਮਿਲੀਆ ਹਨ।
ਉਨ੍ਹਾਂ ਕਿਹਾ ਕਿ “ਕੁੜੀ ਸਾਡੀ ਰਿਸ਼ਤੇਦਾਰ ਹੈ, ਉਹ ਉਸਦੇ ਵੱਡੇ ਭਰਾ ਦੀ ਸਾਲੀ ਲੱਗਦੀ ਸੀ। ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਥਾਣਾ ਸੁਲਤਾਨਪੁਰ ਲੋਧੀ ਦੇ ਐਡੀਸ਼ਨਲ ਐਸ.ਐਚ.ਓ. ਸਬ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਮ੍ਰਿਤਕ ਲੜਕੀ ਅਤੇ ਲੜਕੇ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।