ਦੇਹਰਾਦੂਨ : ਉਤਰਾਖੰਡ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਗੰਗੋਤਰੀ ਪਹੁੰਚੇ। ਇੱਥੇ ਉਨ੍ਹਾਂ ਨੇ ਮਾਂ ਗੰਗਾ ਦੀ ਪੂਜਾ ਕਰਦਿਆਂ ਦੇਸ਼ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਪੀ.ਐੱਮ ਮੋਦੀ ਨੇ ਇੱਕ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕੁਦਰਤ ਦੀ ਖੂਬਸੂਰਤੀ ਦੀ ਪ੍ਰਸ਼ੰਸਾ ਕੀਤੀ। ਰਵਾਇਤੀ ਪਹਿਰਾਵੇ ਅਤੇ ਟੋਪੀ ਪਹਿਨੇ ਮੋਦੀ ਨੇ ਰਵਾਇਤੀ ਲੋਕ ਨਾਚ ਦਾ ਆਨੰਦ ਮਾਣਿਆ।
ਪੀ.ਐੱਮ ਮੋਦੀ ਨੇ ਇੱਥੇ ਮੌਜੂਦ ਲੋਕਾਂ ਦਾ ਹੱਥ ਜੋੜ ਕੇ ਸਵਾਗਤ ਕੀਤਾ। ਉਨ੍ਹਾਂ ਨੇ ਮਾਂ ਗੰਗਾ ਦੇ ਸਰਦੀਆਂ ਦੇ ਨਿਵਾਸ ਸਥਾਨ ਮੁਖਬਾ ਵਿੱਚ ਦੂਰਬੀਨ ਦੀ ਮਦਦ ਨਾਲ ਬਰਫ ਨਾਲ ਢਕੇ ਪਹਾੜਾਂ ਦੀ ਸੁੰਦਰਤਾ ਦੀ ਪ੍ਰਸ਼ੰਸਾ ਕੀਤੀ। ਉਤਰਾਖੰਡ ਦੇ ਆਪਣੇ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ ਸੀ ਕਿ ਅਸੀਂ ਦੇਵਭੂਮੀ ਉਤਰਾਖੰਡ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਕੇ ਰਾਜ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰੋਗਰਾਮ ਬਾਰੇ ਵੀ ਦੱਸਿਆ ਸੀ, ਜਿਸ ਮੁਤਾਬਕ ਪੀ.ਐੱਮ ਮੋਦੀ ਦੇਹਰਾਦੂਨ ਤੋਂ ਫੌਜ ਦੇ ਐਮ.ਆਈ-17 ਹੈਲੀਕਾਪਟਰ ਰਾਹੀਂ ਉੱਤਰਕਾਸ਼ੀ ਪਹੁੰਚੇ, ਜਿੱਥੇ ਉਨ੍ਹਾਂ ਨੇ ਮਾਂ ਗੰਗਾ ਦੀ ਪੂਜਾ ਕੀਤੀ। ਇਸ ਤੋਂ ਬਾਅਦ ਪੀ.ਐੱਮ ਮੋਦੀ ਹਰਸਿਲ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਆਪਣੀ ਯਾਤਰਾ ਲਈ ਉਤਰਾਖੰਡ ਦੇ ਦੇਹਰਾਦੂਨ ਦੇ ਜੌਲੀ ਗ੍ਰਾਂਟ ਹਵਾਈ ਅੱਡੇ ‘ਤੇ ਪਹੁੰਚੇ।
ਇੱਥੇ ਦੱਸ ਦੇਈਏ ਕਿ ਪੀ.ਐੱਮ ਮੋਦੀ ਦਾ ਇਹ ਦੌਰਾ ਉਤਰਾਖੰਡ ਵਿੱਚ ਗਰਮੀਆਂ ਦੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡੀ ਪਹਿਲ ਹੈ। ਪੀ.ਐੱਮ ਮੋਦੀ ਦੇ ਦੌਰੇ ਦੇ ਮੱਦੇਨਜ਼ਰ ਗੰਗਾ ਮੰਦਰ ਅਤੇ ਮਿਥਿਹਾਸਕ ਇਮਾਰਤਾਂ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਸਥਾਨਕ ਲੋਕ ਪੀ.ਐੱਮ ਮੋਦੀ ਦੇ ਦੌਰੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।