ਨਵੀਂ ਦਿੱਲੀ: ਸਾਊਥ ਐਂਟਰਟੇਨਮੈਂਟ ਇੰਡਸਟਰੀ ਦੀ ਪਲੇਬੈਕ ਗਾਇਕਾ ਅਤੇ ਗੀਤਕਾਰ ਕਲਪਨਾ ਰਾਘਵੇਂਦਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗਾਇਕਾ ਨੇ ਕਥਿਤ ਤੌਰ ‘ਤੇ ਹੈਦਰਾਬਾਦ ਵਿੱਚ ਆਪਣੀ ਰਿਹਾਇਸ਼ ‘ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਕ ਉਹ ਬੀਤੀ ਸ਼ਾਮ ਨੂੰ ਆਪਣੇ ਘਰ ‘ਚ ਬੇਹੋਸ਼ੀ ਦੀ ਹਾਲਤ ‘ਚ ਮਿਲੀ।
ਕਲਪਨਾ ਰਾਘਵੇਂਦਰ ਹਸਪਤਾਲ ‘ਚ ਭਰਤੀ
ਰਿਪੋਰਟ ਦੇ ਅਨੁਸਾਰ , ਬੀਤੇ ਦਿਨ ਰੈਜ਼ੀਡੈਂਟਸ ਐਸੋਸੀਏਸ਼ਨ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਅਤੇ ਦਰਵਾਜ਼ਾ ਤੋੜਆਿ। ਪੁਲਿਸ ਨੇ ਉਨ੍ਹਾਂ ਨੂੰ “ਬੇਹੋਸ਼” ਹਾਲਤ ਵਿੱਚ ਪਾਇਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।
ਕਲਪਨਾ ਨੇ ਨੀਂਦ ਦੀਆਂ ਗੋਲੀਆਂ ਲਈਆਂ ਸਨ
ਕੇ.ਪੀ.ਐਚ.ਬੀ. ਥਾਣੇ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੇ ਨੀਂਦ ਦੀਆਂ ਗੋਲੀਆਂ ਖਾ ਲਈਆਂ ਸਨ ਅਤੇ ਉਨ੍ਹਾਂ ਦੇ ਹੋਸ਼ ਆਉਣ ਤੋਂ ਬਾਅਦ ਹੀ ਇਸ ਬਾਰੇ ਪੂਰੀ ਜਾਣਕਾਰੀ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਹੁਣ ਕਿਵੇਂ ਹੈ ਕਲਪਨਾ ਦੀ ਹਾਲਤ ?
ਟੀ.ਵੀ ਮੁਤਾਬਕ ਕਲਪਨਾ ਦੀ ਹਾਲਤ ਫਿਲਹਾਲ ਸਥਿਰ ਹੈ। ਉਨ੍ਹਾਂ ਨੂੰ ਤੁਰੰਤ ਨਿਜ਼ਾਮਪੇਟ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਦੋਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਤਾਂ ਉਨ੍ਹਾਂ ਦੇ ਪਤੀ ਪ੍ਰਸਾਦ ਨੇ ਭਾਈਚਾਰੇ ਦੇ ਲੋਕਾਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਦੀ ਹਾਲਤ ਬਾਰੇ ਪੁੱਛਿਆ। ਉਨ੍ਹਾਂ ਦੇ ਪਤੀ ਚੇਨਈ ਵਿੱਚ ਸਨ। ਦੋ ਦਿਨ ਹੋ ਗਏ ਸਨ ਜਦੋਂ ਕਿਸੇ ਨੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਸੀ।
ਜਾਂਚ ਕਰ ਰਹੀ ਹੈ ਪੁਲਿਸ
ਇਸ ਤੋਂ ਪਹਿਲਾਂ ਕਲਪਨਾ ਇਕ ਪ੍ਰੋਗਰਾਮ ਲਈ ਕੇਰਲ ਤੋਂ ਹੈਦਰਾਬਾਦ ਪਰਤੇ ਸਨ। ਅਧਿਕਾਰੀ ਨੇ ਅੱਗੇ ਕਿਹਾ ਕਿ ਜਾਂਚ ਦੇ ਹਿੱਸੇ ਵਜੋਂ ਗਾਇਕ ਦੇ ਇਸ ਕਦਮ ਦੇ ਪਿੱਛੇ ਦੇ ਕਾਰਨਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਗਾਇਕਾ ਗੀਤਾ, ਮਾਧੁਰੀ, ਸੁਨੀਤਾ ਅਤੇ ਹੋਰ ਗਾਇਕ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚੇ।
ਇੱਕ ਪਲੇਬੈਕ ਗਾਇਕਾ ਵਜੋਂ ਕੀਤੀ ਸੀ ਆਪਣੇ ਕੈਰੀਅਰ ਦੀ ਸ਼ੁਰੂਆਤ
ਕਲਪਨਾ ਆਈਡੀਆ ਸਟਾਰ ਸਿੰਗਰ ਮਲਿਆਲਮ ਸੀਜ਼ਨ ਪੰਜ ਦੇ ਜੇਤੂ ਸਨ। ਉਹ ਬਿੱਗ ਬੌਸ ਤੇਲਗੂ ਸੀਜ਼ਨ 1 ਵਿੱਚ ਇੱਕ ਪ੍ਰਤੀਯੋਗੀ ਸਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜ ਸਾਲ ਦੀ ਉਮਰ ਵਿੱਚ ਇੱਕ ਪਲੇਬੈਕ ਗਾਇਕਾ ਵਜੋਂ ਕੀਤੀ ਸੀ। 2013 ਤੱਕ, ਉਨ੍ਹਾਂ ਨੇ 1500 ਗਾਣੇ ਰਿਕਾਰਡ ਕੀਤੇ ਸਨ। ਉਹ ਮਸ਼ਹੂਰ ਪਲੇਬੈਕ ਗਾਇਕ ਟੀ.ਐਸ ਰਾਘਵੇਂਦਰ ਅਤੇ ਸੁਲੋਚਨਾ ਦੀ ਧੀ ਹੈ।