ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਨਵੇਂ ਰਾਸ਼ਟਰੀ ਪ੍ਰਧਾਨ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ । ਜੇ.ਪੀ ਨੱਡਾ ਦੇ ਕਾਰਜਕਾਲ ਤੋਂ ਬਾਅਦ ਅਗਲਾ ਪ੍ਰਧਾਨ ਕੌਣ ਹੋਵੇਗਾ , ਇਸ ਗੱਲ ‘ਤੇ ਸਾਰਿਆਂ ਦੀਆਂ ਨਜ਼ਰਾਂ ਹਨ । ਖ਼ਬਰਾਂ ਮੁਤਾਬਕ 18 ਤੋਂ 20 ਅਪ੍ਰੈਲ ਤੱਕ ਬੈਂਗਲੁਰੂ ‘ਚ ਹੋਣ ਵਾਲੀ ਰਾਸ਼ਟਰੀ ਕਾਰਜਕਾਰਨੀ ਅਤੇ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ‘ਚ ਨਵੇਂ ਪ੍ਰਧਾਨ ਦੇ ਨਾਂ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।
ਸੂਤਰਾਂ ਮੁਤਾਬਕ ਇਸ ਵਾਰ ਦੱਖਣੀ ਭਾਰਤ ਦੇ ਕਿਸੇ ਨੇਤਾ ਨੂੰ ਰਾਸ਼ਟਰੀ ਪ੍ਰਧਾਨ ਬਣਾਏ ਜਾਣ ਦੀ ਸੰਭਾਵਨਾ ਮਜ਼ਬੂਤ ਹੈ। ਇਸ ਦੌੜ ਵਿੱਚ ਆਂਧਰਾ ਪ੍ਰਦੇਸ਼ ਭਾਜਪਾ ਪ੍ਰਧਾਨ ਦੱਗੂਬਾਤੀ ਪੁਰੰਦੇਸ਼ਵਰੀ ਅਤੇ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਅਤੇ ਕੋਇੰਬਟੂਰ ਤੋਂ ਵਿਧਾਇਕ ਵਨਾਤੀ ਸ਼੍ਰੀਨਿਵਾਸ ਸਭ ਤੋਂ ਅੱਗੇ ਹਨ।
ਮਹਿਲਾ ਨੇਤਾਵਾਂ ਦੇ ਨਾਮ ਸਭ ਤੋਂ ਅੱਗੇ
ਦੱਗੂਬਾਤੀ ਪੁਰੰਦੇਸ਼ਵਰੀ ਸਾਲ 2014 ‘ਚ ਭਾਜਪਾ ‘ਚ ਸ਼ਾਮਲ ਹੋਏ ਅਤੇ ਸੰਗਠਨਾਤਮਕ ਤਜਰਬੇ ਦੇ ਨਾਲ ਦੱਖਣੀ ਭਾਰਤ ‘ਚ ਮਜ਼ਬੂਤ ਮੌਜੂਦਗੀ ਹੈ। ਉਨ੍ਹਾਂ ਨੂੰ ‘ਦੱਖਣ ਦੀ ਸੁਸ਼ਮਾ’ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਵਨਾਤੀ ਸ਼੍ਰੀਨਿਵਾਸ ਨੂੰ ਵੀ ਇਕ ਮਜ਼ਬੂਤ ਉਮੀਦਵਾਰ ਮੰਨੇੇ ਜਾ ਰਹੇ ਹਨ ਜਿਨ੍ਹਾਂ ਦਾ ਤਾਮਿਲਨਾਡੂ ‘ਚ ਵੱਡਾ ਪ੍ਰਭਾਵ ਹੈ।
ਹੋਰ ਸੰਭਾਵਿਤ ਦਾਅਵੇਦਾਰ
ਇਨ੍ਹਾਂ ਦੋਵਾਂ ਮਹਿਲਾ ਨੇਤਾਵਾਂ ਤੋਂ ਇਲਾਵਾ ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ ਅਤੇ ਧਰਮਿੰਦਰ ਪ੍ਰਧਾਨ ਦੇ ਨਾਂ ਵੀ ਚਰਚਾ ‘ਚ ਹਨ। ਹਾਲਾਂਕਿ ਸੂਤਰਾਂ ਮੁਤਾਬਕ ਸ਼ਿਵਰਾਜ ਸਿੰਘ ਚੌਹਾਨ ਅਤੇ ਧਰਮਿੰਦਰ ਪ੍ਰਧਾਨ ‘ਤੇ ਭਾਜਪਾ ਅਤੇ ਆਰ.ਐੱਸ.ਐੱਸ. ਸਹਿਮਤ ਹਨ ਪਰ ਮਨੋਹਰ ਲਾਲ ਖੱਟਰ ਦੇ ਨਾਂ ‘ਤੇ ਅਮਿਤ ਸ਼ਾਹ ਨੂੰ ਇਤਰਾਜ਼ ਹੈ।
ਦੱਖਣੀ ਭਾਰਤ ਤੋਂ ਵਿਧਾਇਕ ਬਣਨ ਦੀ ਸੰਭਾਵਨਾ ਕਿਉਂ?
ਭਾਜਪਾ ਦੀ ਰਣਨੀਤੀ ਦੇ ਹਿੱਸੇ ਵਜੋਂ, ਤਾਮਿਲਨਾਡੂ ਅਤੇ ਕੇਰਲ ਵਰਗੇ ਰਾਜਾਂ ਵਿੱਚ ਪਾਰਟੀ ਦੇ ਪੈਰ ਪਸਾਰਨ ਲਈ ਦੱਖਣੀ ਭਾਰਤ ਤੋਂ ਪ੍ਰਧਾਨ ਨਿਯੁਕਤ ਕਰਨ ਦੇ ਸੰਕੇਤ ਹਨ। ਅਗਲੇ ਕੁਝ ਮਹੀਨਿਆਂ ਵਿੱਚ ਕੇਰਲ ਅਤੇ ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਇਸ ਲਈ ਪਾਰਟੀ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਦੱਖਣੀ ਭਾਰਤ ਤੋਂ ਅਗਵਾਈ ਕਰ ਸਕਦੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ 18-20 ਅਪ੍ਰੈਲ ਨੂੰ ਹੋਣ ਵਾਲੀ ਬੈਠਕ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਭਾਜਪਾ ਦੇ ਨਵੇਂ ਰਾਸ਼ਟਰੀ ਪ੍ਰਧਾਨ ਦਾ ਅਧਿਕਾਰਤ ਐਲਾਨ ਕੀਤਾ ਜਾਵੇਗਾ।