ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਅੱਜ ਯਾਨੀ ਮੰਗਲਵਾਰ ਨੂੰ ਸਾਗਰ ਧਨਖੜ ਕਤਲ ਮਾਮਲੇ ‘ਚ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ। ਉਨ੍ਹਾਂ ਨੂੰ ਸਾਗਰ ਧਨਖੜ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਧਨਖੜ ਦਾ ਕਤਲ 4 ਮਈ, 2021 ਦੀ ਰਾਤ ਨੂੰ ਕੀਤਾ ਗਿਆ ਸੀ। ਜਸਟਿਸ ਸੰਜੀਵ ਨਰੂਲਾ ਨੇ 50,000 ਰੁਪਏ ਦੇ ਜ਼ਮਾਨਤ ਬਾਂਡ ਅਤੇ ਇੰਨੀ ਹੀ ਰਕਮ ਦੇ ਦੋ ਜ਼ਮਾਨਤੀ ਪੇਸ਼ ਕਰਨ ‘ਤੇ ਸੁਸ਼ੀਲ ਕੁਮਾਰ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ। ਵਿਸਥਾਰਤ ਆਦੇਸ਼ ਅਜੇ ਅਪਲੋਡ ਕੀਤਾ ਜਾਣਾ ਬਾਕੀ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜੁਲਾਈ 2023 ‘ਚ ਗੋਡੇ ਦੀ ਸਰਜਰੀ ਲਈ 7 ਦਿਨਾਂ ਦੀ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ। ਸੁਸ਼ੀਲ ਕੁਮਾਰ ਜੂਨੀਅਰ ਪਹਿਲਵਾਨ ਸਾਗਰ ਧਨਖੜ ਦੇ ਕਤਲ ਕੇਸ ਵਿੱਚ ਹੋਰ ਮੁਲਜ਼ਮਾਂ ਦੇ ਨਾਲ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਦੋਸ਼ੀ ਸੁਸ਼ੀਲ ਕੁਮਾਰ ਦੀ ਨੁਮਾਇੰਦਗੀ ਵਕੀਲ ਆਰ.ਐਸ ਮਲਿਕ ਅਤੇ ਸੁਮਿਤ ਸ਼ੋਕੀਨ ਨੇ ਕੀਤੀ। ਮੁਲਜ਼ਮ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਹ ਸਾਢੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਹੈ।
ਵਕੀਲ ਨੇ ਦਲੀਲ ਦਿੱਤੀ ਕਿ ਪਿਛਲੇ ਤਿੰਨ ਸਾਲਾਂ ਵਿੱਚ ਸਰਕਾਰੀ ਧਿਰ ਦੇ 186 ਗਵਾਹਾਂ ਵਿੱਚੋਂ ਲਗਭਗ 30 ਗਵਾਹਾਂ ਦੀ ਜਾਂਚ ਕੀਤੀ ਗਈ ਹੈ। ਸਾਗਰ ਅਤੇ ਹੋਰ ਪੀੜਤਾਂ ਨੂੰ 4 ਮਈ, 2021 ਦੀ ਰਾਤ ਨੂੰ ਛਤਰਸਾਲ ਸਟੇਡੀਅਮ ਵਿੱਚ ਦੋਸ਼ੀ ਵਿਅਕਤੀ ਨੇ ਕਥਿਤ ਤੌਰ ‘ਤੇ ਕੁੱਟਿਆ ਸੀ। ਉਹ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਸੁਸ਼ੀਲ ਕੁਮਾਰ ਦੇਸ਼ ਦੇ ਸਭ ਤੋਂ ਸਫ਼ਲ ਐਥਲੀਟਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਬੀਜਿੰਗ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਚਾਰ ਸਾਲ ਬਾਅਦ ਸੁਸ਼ੀਲ ਕੁਮਾਰ ਨੇ 2012 ਲੰਡਨ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ।