ਨਵੀਂ ਦਿੱਲੀ : ਕੇਂਦਰ ਸਰਕਾਰ (The Central Government) ਨੇ ਕਸ਼ਮੀਰ ਘਾਟੀ (The Kashmir Valley) ‘ਚ ਤਾਇਨਾਤ ਆਪਣੇ ਕਰਮਚਾਰੀਆਂ ਨੂੰ ਤਿੰਨ ਸਾਲ ਲਈ ਵਿਸ਼ੇਸ਼ ਰਿਆਇਤਾਂ ਅਤੇ ਸਹੂਲਤਾਂ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪਰਸੋਨਲ ਮੰਤਰਾਲੇ ਵੱਲੋਂ ਜਾਰੀ ਆਦੇਸ਼ ‘ਚ ਲਿਆ ਗਿਆ ਹੈ, ਜਿਸ ‘ਚ ਸਪੱਸ਼ਟ ਕੀਤਾ ਗਿਆ ਹੈ ਕਿ 1 ਅਗਸਤ 2024 ਤੋਂ ਇਹ ਲਾਭ ਅਗਲੇ ਤਿੰਨ ਸਾਲਾਂ ਲਈ ਲਾਗੂ ਰਹੇਗਾ। ਇਹ ਰਾਹਤ ਸਾਰੇ ਕੇਂਦਰੀ ਮੰਤਰਾਲਿਆਂ, ਵਿਭਾਗਾਂ ਅਤੇ ਜਨਤਕ ਖੇਤਰ ਦੇ ਉੱਦਮਾਂ (PSU) ਦੇ ਕਰਮਚਾਰੀਆਂ ‘ਤੇ ਲਾਗੂ ਹੋਵੇਗੀ।
ਕੀ ਹਨ ਨਵੀਆਂ ਵਿਸ਼ੇਸ਼ਤਾਵਾਂ ?
1. ਰੋਜ਼ਾਨਾ ਭੱਤਾ – ਜਿਹੜੇ ਕਰਮਚਾਰੀ ਆਪਣੇ ਪਰਿਵਾਰਾਂ ਨੂੰ ਘਾਟੀ ਤੋਂ ਬਾਹਰ ਨਹੀਂ ਭੇਜਣਾ ਚਾਹੁੰਦੇ, ਉਨ੍ਹਾਂ ਨੂੰ 141 ਰੁਪਏ ਪ੍ਰਤੀ ਦਿਨ ਦਾ ਵਿਸ਼ੇਸ਼ ਭੱਤਾ ਮਿਲੇਗਾ।
2. ਸ਼ਿਫਟਿੰਗ ਦੀ ਸੁਵਿਧਾ – ਚਾਹਵਾਨ ਕਰਮਚਾਰੀ ਆਪਣੇ ਪਰਿਵਾਰ ਨੂੰ ਦੇਸ਼ ਦੇ ਕਿਸੇ ਵੀ ਸਥਾਨ ‘ਤੇ ਸਰਕਾਰੀ ਖਰਚੇ ‘ਤੇ ਸ਼ਿਫਟ ਕਰ ਸਕਦੇ ਹਨ, ਜਿਸ ਵਿੱਚ ਯਾਤਰਾ ਭੱਤਾ (ਟੀ.ਏ) ਅਤੇ ਕੰਪੋਜ਼ਿਟ ਟ੍ਰਾਂਸਫਰ ਗ੍ਰਾਂਟ (ਸੀ.ਟੀ.ਜੀ.) ਸ਼ਾਮਲ ਹੋਣਗੇ। ਸੀ.ਟੀ.ਜੀ. ਪਿਛਲੇ ਮਹੀਨੇ ਦੀ ਮੁੱਢਲੀ ਤਨਖਾਹ ਦਾ 80٪ ਹੋਵੇਗਾ।
3. ਰਾਸ਼ਨ ਭੱਤਾ – ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਵੀ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀ.ਏ.ਪੀ.ਐਫ.) ਦੇ ਜਵਾਨਾਂ ਵਾਂਗ ਪ੍ਰਤੀ ਦਿਨ 142.75 ਰੁਪਏ ਦਾ ਰਾਸ਼ਨ ਭੱਤਾ ਦਿੱਤਾ ਜਾਵੇਗਾ।
4. ਮਕਾਨ ਉਸਾਰੀ ਅਤੇ ਸੁਰੱਖਿਆ – ਵਿਭਾਗ ਕਰਮਚਾਰੀਆਂ ਦੇ ਰਹਿਣ, ਸੁਰੱਖਿਆ ਅਤੇ ਦਫ਼ਤਰੀ ਯਾਤਰਾ ਲਈ ਪੂਰੇ ਪ੍ਰਬੰਧ ਕਰੇਗਾ।
5. ਪੈਨਸ਼ਨਰਾਂ ਨੂੰ ਵਿਸ਼ੇਸ਼ ਛੋਟ – ਉਹ ਪੈਨਸ਼ਨਰ ਜੋ ਕਸ਼ਮੀਰ ਘਾਟੀ ਤੋਂ ਬਾਹਰ ਵੱਸ ਗਏ ਹਨ ਅਤੇ ਜਨਤਕ ਖੇਤਰ ਦੇ ਬੈਂਕਾਂ, ਤਨਖਾਹ ਅਤੇ ਖਾਤਾ ਦਫ਼ਤਰਾਂ ਜਾਂ ਖਜ਼ਾਨੇ ਤੋਂ ਆਪਣੀ ਪੈਨਸ਼ਨ ਲੈਣ ਵਿੱਚ ਅਸਮਰੱਥ ਹਨ, ਉਨ੍ਹਾਂ ਨੂੰ ਉੱਥੋਂ ਪੈਨਸ਼ਨ ਲੈਣ ਦੀ ਆਗਿਆ ਹੋਵੇਗੀ।
ਇਹ ਕਿਹੜੇ ਜ਼ਿਲ੍ਹਿਆਂ ਵਿੱਚ ਹੋਵੇਗਾ ਲਾਗੂ ?
ਇਹ ਸਹੂਲਤ ਕਸ਼ਮੀਰ ਘਾਟੀ ਦੇ 10 ਜ਼ਿਲ੍ਹਿਆਂ ਸ਼੍ਰੀਨਗਰ, ਅਨੰਤਨਾਗ, ਬਾਰਾਮੂਲਾ, ਬਡਗਾਮ, ਕੁਪਵਾੜਾ, ਪੁਲਵਾਮਾ, ਕੁਲਗਾਮ, ਸ਼ੋਪੀਆਂ, ਗਾਂਦਰਬਲ ਅਤੇ ਬਾਂਦੀਪੋਰਾ ਵਿੱਚ ਤਾਇਨਾਤ ਕਰਮਚਾਰੀਆਂ ‘ਤੇ ਲਾਗੂ ਹੋਵੇਗੀ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਨਾ ਸਿਰਫ ਕਸ਼ਮੀਰ ਘਾਟੀ ‘ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਵਿੱਤੀ ਰਾਹਤ ਮਿਲੇਗੀ, ਸਗੋਂ ਉਨ੍ਹਾਂ ਦੀ ਸੁਰੱਖਿਆ ਅਤੇ ਰੋਜ਼ੀ-ਰੋਟੀ ਲਈ ਵੀ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਗਏ ਹਨ।