ਲੁਧਿਆਣਾ : ਮਹਾਨਗਰ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜਪੁਰਾ ਰੋਡ ਅਤੇ ਪ੍ਰਤਾਪ ਨਗਰ ‘ਚ ਗੋਲੀਬਾਰੀ ਤੋਂ ਬਾਅਦ ਹੁਣ ਮੋਤੀ ਨਗਰ ਇਲਾਕੇ ‘ਚ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਵਿੱਚ ਕੁਝ ਨੌਜ਼ਵਾਨਾਂ ਨੇ ਇੱਕ ਨੌਜ਼ਵਾਨ ਨੂੰ ਗੋਲੀ ਮਾਰ ਦਿੱਤੀ।
ਜ਼ਖਮੀ ਨੌਜ਼ਵਾਨ ਅਮਿਤ ਕੁਮਾਰ ਹੈ, ਜਿਸ ਦੀ ਛਾਤੀ ‘ਤੇ ਗੋਲੀ ਲੱਗੀ ਹੈ। ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ‘ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਦੋਸ਼ੀ ਰਾਜੂ, ਰਿਹਾਨ, ਟਲੂ, ਲੱਕੀ ਅਤੇ ਉਨ੍ਹਾਂ ਦੇ 6 ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜ਼ਖ਼ਮੀ ਅਮਿਤ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਦੋਸਤਾਂ ਬਿੱਟੂ ਅਤੇ ਪ੍ਰਦੀਪ ਕੋਲ ਖੜ੍ਹਾ ਸੀ ਅਤੇ ਗੱਲਾਂ ਕਰ ਰਿਹਾ ਸੀ। ਇਸ ਦੌਰਾਨ ਉਕਤ ਦੋਸ਼ੀ ਉਥੇ ਆਇਆ ਅਤੇ ਉਸ ‘ਤੇ ਫਾਇਰਿੰਗ ਕਰ ਦਿੱਤੀ। ਗੋਲੀ ਉਸ ਦੀ ਛਾਤੀ ਵਿੱਚ ਲੱਗੀ। ਇਸ ਦੇ ਨਾਲ ਹੀ ਦੋਸ਼ੀ ਹਵਾ ‘ਚ ਫਾਇਰਿੰਗ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਿਆ। ਦੂਜੇ ਪਾਸੇ ਮੋਤੀ ਨਗਰ ਥਾਣੇ ਦੇ ਏ.ਐਸ.ਆਈ ਸੁਲਖਨ ਸਿੰਘ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।