ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਬੀਤੇ ਦਿਨ ਕਿਹਾ ਕਿ ਉਹ ਦੁਨੀਆਂ ਭਰ ’ਚ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਕੁੱਝ ਕਰਮਚਾਰੀਆਂ ਨੂੰ ਛੱਡ ਕੇ ਬਾਕੀ ਸਾਰੇ ਮੁਲਾਜ਼ਮਾਂ ਨੂੰ ਛੁੱਟੀ ’ਤੇ ਭੇਜ ਰਿਹਾ ਹੈ ਅਤੇ ਅਮਰੀਕਾ ’ਚ ਘੱਟੋ-ਘੱਟ 1,600 ਨੌਕਰੀਆਂ ਖ਼ਤਮ ਕਰ ਰਿਹਾ ਹੈ।
ਫ਼ੈਡਰਲ ਸਰਕਾਰ ਦੇ ਆਕਾਰ ਨੂੰ ਘਟਾਉਣ ਲਈ ਰਾਸ਼ਟਰਪਤੀ ਟਰੰਪ ਅਤੇ ਸਰਕਾਰੀ ਕੁਸ਼ਲਤਾ ਵਿਭਾਗ ਵਿਚ ਉਨ੍ਹਾਂ ਦੇ ਸਹਿਯੋਗੀ ਐਲਨ ਮਸਕ ਵਲੋਂ ਇਹ ਤਾਜ਼ਾ ਕਦਮ ਚੁਕਿਆ ਗਿਆ ਹੈ। ਇਹ ਕਦਮ ਉਸ ਸਮੇਂ ਚੁਕਿਆ ਗਿਆ ਹੈ ਜਦੋਂ ਇਕ ਫੈਡਰਲ ਜੱਜ ਨੇ ਸ਼ੁੱਕਰਵਾਰ ਨੂੰ ਟਰੰਪ ਪ੍ਰਸ਼ਾਸਨ ਨੂੰ ਅਮਰੀਕਾ ਅਤੇ ਦੁਨੀਆਂ ਭਰ ਵਿਚ ਹਜ਼ਾਰਾਂ ਯੂ.ਐਸ.ਏਡ ਮੁਲਾਜ਼ਮਾਂ ਨੂੰ ਕੱਢਣ ਦੀ ਅਪਣੀ ਯੋਜਨਾ ’ਤੇ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਸੀ। ਅਮਰੀਕੀ ਜ਼ਿਲ੍ਹਾ ਜੱਜ ਕਾਰਲ ਨਿਕੋਲਸ ਨੇ ਸਰਕਾਰ ਦੀ ਯੋਜਨਾ ਨੂੰ ਅਸਥਾਈ ਤੌਰ ’ਤੇ ਰੋਕਣ ਲਈ ਮੁਲਾਜ਼ਮਾਂ ਦੇ ਮੁਕੱਦਮੇ ਨੂੰ ਖਾਰਜ ਕਰ ਦਿੱਤਾ। ਟਰੰਪ ਪ੍ਰਸ਼ਾਸਨ ਵਲੋਂ ਬੀਤੀ ਰਾਤ ਕਰੀਬ 12 ਵਜੇ ਯੂ.ਐਸ.ਏਡ ਦੇ ਮੁਲਾਜ਼ਮਾਂ ਨੂੰ ਸੰਦੇਸ਼ ਭੇਜਿਆ ਗਿਆ ਕਿ ਉਨ੍ਹਾਂ ਨੂੰ ਛੁੱਟੀ ’ਤੇ ਭੇਜਿਆ ਜਾ ਰਿਹਾ ਹੈ।
ਨੋਟਿਸ ’ਚ ਇਹ ਵੀ ਕਿਹਾ ਗਿਆ ਹੈ ਕਿ ਕਰਮਚਾਰੀਆਂ ਦੀ ਕਟੌਤੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਅਮਰੀਕਾ ’ਚ 2,000 ਨੌਕਰੀਆਂ ਖਤਮ ਹੋ ਜਾਣਗੀਆਂ। ਬਾਅਦ ਵਿਚ ਯੂ.ਐਸ.ਏਡ ਦੀ ਵੈੱਬਸਾਈਟ ’ਤੇ ਪੋਸਟ ਕੀਤੇ ਗਏ ਇਕ ਨੋਟਿਸ ਵਿਚ ਖ਼ਾਲੀ ਕੀਤੇ ਅਹੁਦਿਆਂ ਦੀ ਗਿਣਤੀ ਘਟਾ ਕੇ 1,600 ਕਰ ਦਿੱਤੀ ਗਈ। ਪ੍ਰਸ਼ਾਸਨ ਨੇ ਇਸ ਸਬੰਧ ’ਚ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ। ਯੂ.ਐਸ.ਏਡ ਅਤੇ ਵਿਦੇਸ਼ ਵਿਭਾਗ ਨੇ ਵੀ ਇਸ ਸਬੰਧ ’ਚ ਕੋਈ ਬਿਆਨ ਜਾਰੀ ਨਹੀਂ ਕੀਤਾ। ਯੂ.ਐਸ.ਏਡ ਦੇ ਡਿਪਟੀ ਪ੍ਰਸ਼ਾਸਕ ਪੀਟ ਮਾਰਕੋ ਨੇ ਸੰਕੇਤ ਦਿੱਤਾ ਕਿ ਉਹ ਲਗਭਗ 600 ਮੁਲਾਜ਼ਮਾਂ ਨੂੰ ਨੌਕਰੀ ’ਤੇ ਰੱਖਣ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅਮਰੀਕਾ ਵਿਚ ਰਹਿੰਦੇ ਹਨ।