ਪੰਜਾਬ : ਪੰਜਾਬ ਪੁਲਿਸ ਨੇ ਪਾਬੰਦੀਸ਼ੁਦਾ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ) ਦੇ ਦੋ ਮੁੱਖ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਅਧਾਰਤ ਗੈਂਗਸਟਰ ਹੈਪੀ ਪਸ਼ੀਆਂ ਨਾਲ ਸਿੱਧੇ ਸਬੰਧ ਹਨ।
ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਜਗਦੀਸ਼ ਸਿੰਘ ਉਰਫ ਜੱਗਾ ਅਤੇ ਸ਼ੁਭਦੀਪ ਸਿੰਘ ਔਲਖ ਉਰਫ ਸ਼ੁਭ ਨੂੰ ਇੱਕ ਵੱਡੇ ਤਾਲਮੇਲ ਵਾਲੇ ਅੱਤਵਾਦੀ ਅਭਿਆਨ ਦੇ ਹਿੱਸੇ ਵਜੋਂ ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਕਤਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਯਾਦਵ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇਕ ਮੁਹਿੰਮ ‘ਚ ਮੋਹਾਲੀ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਨੇ ਬੀ.ਕੇ.ਆਈ ਦੇ ਦੋ ਪ੍ਰਮੁੱਖ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਿੱਧੇ ਤੌਰ ‘ਤੇ ਪਾਕਿਸਤਾਨ ਸਥਿਤ ਬੀ.ਕੇ.ਆਈ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਸਥਿਤ ਹੈਪੀ ਪਸ਼ੀਆਂ ਨਾਲ ਜੁੜੇ ਹੋਏ ਹਨ।
ਇਹ ਕਾਰਵਾਈ ਸਰਹੱਦ ਪਾਰ ਅੱਤਵਾਦੀ ਨੈੱਟਵਰਕ ਲਈ ਵੱਡਾ ਝਟਕਾ ਹੈ। ਡੀ.ਜੀ.ਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਸ਼ੁਰੂਆਤੀ ਖੁਲਾਸਿਆਂ ਅਨੁਸਾਰ, ਰਿੰਦਾ ਦੇ ਨਿਰਦੇਸ਼ਾਂ ‘ਤੇ, ਉਨ੍ਹਾਂ ਨੇ 10 ਫਰਵਰੀ, 2025 ਨੂੰ ਮਹਾਰਾਸ਼ਟਰ ਦੇ ਨਾਂਦੇੜ ਵਿਖੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਅਤੇ ਇੱਕ ਹੋਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ।
ਡੀ.ਜੀ.ਪੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਇੱਕ ਵੱਡੇ ਤਾਲਮੇਲ ਵਾਲੇ ਅੱਤਵਾਦੀ ਅਭਿਆਨ ਦੇ ਹਿੱਸੇ ਵਜੋਂ ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਕਤਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸਨ। ਦੋ ਪਿਸਤੌਲ ਅਤੇ ਪੰਜ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਜਗਦੀਸ਼ ਅਤੇ ਸ਼ੁਭਦੀਪ ਦੋਵੇਂ ਸੂਬੇ ਦੇ ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ।