ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨੌਜ਼ਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਲਈ ਚੰਡੀਗੜ੍ਹ ਪਹੁੰਚੇ। ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 5 ਵਿਭਾਗਾਂ ਵਿੱਚ 497 ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ ‘ਤੇ ਤੰਜ ਕੱਸਿਆ। ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ‘ਤੇੇ ਗੈਰ ਹਾਜ਼ਰ ਰਹਿਣ ‘ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਵਿਆਹ ‘ਚ ਬੁਲਾਇਆ ਹੀ ਨਹੀਂ ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ‘ਚ ਉਨ੍ਹਾਂ ਨੂੰ ਛੱਡ ਕੇ ਹਰ ਕੋਈ ਮੌਜੂਦ ਸੀ। ਤੁਸੀਂ ਮੈਨੂੰ ਨਹੀਂ ਦੇਖਿਆ… ਕਿਉਂਕਿ ਮੈਨੂੰ ਨਹੀਂ ਬੁਲਾਇਆ ਗਿਆ ਸੀ। ਮੈਨੂੰ ਵਿਆਹ ਸਮਾਰੋਹ ਦਾ ਸੱਦਾ ਨਹੀਂ ਮਿਲਿਆ। ਮੈਂ ਉਨ੍ਹਾਂ ਦੇ ਵਿਆਹਾਂ ਵਿੱਚ ਵੀ ਨਹੀਂ ਜਾਣਾ ਚਾਹੁੰਦਾ। ਮੇਰੇ ਤੋਂ ਇਲਾਵਾ ਹਰ ਕੋਈ ਵਿਆਹ ਵਿੱਚ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਲੋਕ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ ਪਰ ਇਹ ਲੋਕ ਸਿਰਫ ਮਸਤੀ ਕਰਨ ‘ਚ ਲੱਗੇ ਹੋਏ ਹਨ।
ਦੱਸ ਦੇਈਏ ਕਿ 12 ਫਰਵਰੀ ਨੂੰ ਸੁਖਬੀਰ ਸਿੰਘ ਬਾਦਲ ਦੀ ਬੇਟੀ ਹਰਕੀਰਤ ਕੌਰ ਦਾ ਵਿਆਹ ਹੋਇਆ ਸੀ। ਉਸ ਦਾ ਵਿਆਹ ਤੇਜਵੀਰ ਸਿੰਘ ਨਾਲ ਹੋਇਆ ਹੈ। ਜੋ ਇੱਕ ਕਾਰੋਬਾਰੀ ਹੈ। ਇਸ ਦੇ ਨਾਲ ਹੀ ਸੋਮਵਾਰ 17 ਫਰਵਰੀ ਨੂੰ ਚੰਡੀਗੜ੍ਹ ‘ਚ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ, ਜਿਸ ‘ਚ ਕਈ ਵੱਡੇ ਨੇਤਾ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਰਣਜੀਤ ਬਾਵਾ, ਬੱਬੂ ਮਾਨ, ਮਨਕੀਰਤ ਔਲਖ ਸਮੇਤ ਪੰਜਾਬੀ ਸਿਨੇਮਾ ਦੀਆਂ ਕਈ ਮਸ਼ਹੂਰ ਹਸਤੀਆਂ ਵਿਆਹ ‘ਚ ਸ਼ਾਮਲ ਹੋਈਆਂ।