ਨਵੀਂ ਦਿੱਲੀ : ਦਿੱਲੀ-ਐੱਨ.ਸੀ.ਆਰ. ‘ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.3 ਮਾਪੀ ਗਈ ਅਤੇ ਇਸ ਦਾ ਕੇਂਦਰ ਦਿੱਲੀ-ਐੱਨ.ਸੀ.ਆਰ. ਖੇਤਰ ‘ਚ ਸੀ।
ਭੂਚਾਲ ਸਵੇਰੇ ਕਰੀਬ 5.36 ਵਜੇ ਆਇਆ ਅਤੇ 6-7 ਸਕਿੰਟਾਂ ਤੱਕ ਜਾਰੀ ਰਿਹਾ, ਜਿਸ ਕਾਰਨ ਕਈ ਇਲਾਕਿਆਂ ਦੇ ਲੋਕ ਅਚਾਨਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਦਿੱਲੀ ਤੋਂ ਇਲਾਵਾ ਗੁਰੂਗ੍ਰਾਮ, ਨੋਇਡਾ, ਫਰੀਦਾਬਾਦ ਅਤੇ ਗਾਜ਼ੀਆਬਾਦ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਭੂਚਾਲ ਕਾਰਨ ਕਿਸੇ ਵੱਡੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਲੋਕਾਂ ‘ਚ ਡਰ ਦਾ ਮਾਹੌਲ ਹੈ।
ਭੂਚਾਲ ਵਿਗਿਆਨੀਆਂ ਮੁਤਾਬਕ ਇਹ ਹਲਕੇ ਤੋਂ ਦਰਮਿਆਨੀ ਤੀਬਰਤਾ ਵਾਲਾ ਭੂਚਾਲ ਸੀ ਪਰ ਇਸ ਨੂੰ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ‘ਚ ਸਪੱਸ਼ਟ ਤੌਰ ‘ਤੇ ਮਹਿਸੂਸ ਕੀਤਾ ਗਿਆ। ਸਵੇਰੇ ਜਦੋਂ ਲੋਕ ਡੂੰਘੀ ਨੀਂਦ ‘ਚ ਸਨ ਤਾਂ ਕਈ ਲੋਕ ਧਰਤੀ ਕੰਬਣ ਕਾਰਨ ਜਾਗ ਗਏ ਅਤੇ ਉਹ ਘਬਰਾ ਕੇ ਬਾਹਰ ਆ ਗਏ।
ਮਾਹਰਾਂ ਦਾ ਕਹਿਣਾ ਹੈ ਕਿ ਭੂਚਾਲ ਦੇ ਝਟਕਿਆਂ ਤੋਂ ਬਾਅਦ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਸਹੀ ਜਾਣਕਾਰੀ ਲਈ ਅਧਿਕਾਰਤ ਸਰੋਤਾਂ ‘ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ।