ਅੰਮ੍ਰਿਤਸਰ : ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 5 ਨਸ਼ਾ ਤਸਕਰਾਂ ਨੂੰ ਗਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2.25 ਕਿਲੋ ਹੈਰੋਇਨ, 1 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਪਿਸਤੌਲ ਬਰਾਮਦ ਕੀਤੀ ਹੈ।
ਮੁਲਜ਼ਮਾਂ ਦੀ ਪਛਾਣ ਕਿਰਤਪਾਲ ਸਿੰਘ, ਕਰਨਵੀਰ ਸਿੰਘ, ਸੁਖਦੀਪ ਸਿੰਘ, ਪਿਆਰਾ ਸਿੰਘ ਅਤੇ ਪੰਕਜ ਵਰਮਾ ਵਜੋਂ ਹੋਈ ਹੈ। ਇਹ ਖੁਲਾਸਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਿਰਤਪਾਲ ਸਿੰਘ, ਕਰਨਵੀਰ ਸਿੰਘ, ਸੁਖਦੀਪ ਸਿੰਘ, ਪਿਆਰਾ ਸਿੰਘ ਅਤੇ ਪੰਕਜ ਵਰਮਾ ਵਜੋਂ ਹੋਈ ਹੈ। ਇਹ ਸਾਰੇ ਨੌਜ਼ਵਾਨ ਗੁਰਦਾਸਪੁਰ ਫਤਿਹਗੜ੍ਹ ਚੂੜੀਆਂ ਦੇ ਵਸਨੀਕ ਹਨ ਅਤੇ ਲੰਬੇ ਸਮੇਂ ਤੋਂ ਨਸ਼ਿਆਂ ਦੇ ਨੈੱਟਵਰਕ ਵਿੱਚ ਸ਼ਾਮਲ ਹਨ। ਕਰਨਵੀਰ ਸਿੰਘ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਰਸਤੇ ਵਿਚ ਹੀ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਅਤੇ ਫਿਰ ਉਹ ਨਸ਼ਾ ਤਸਕਰੀ ਦੇ ਕਾਰੋਬਾਰ ਵਿਚ ਫਸ ਗਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਸਕਰੀ ਨੈੱਟਵਰਕ ਫਰਾਂਸ ਤੋਂ ਕੰਮ ਕਰ ਰਿਹਾ ਸੀ, ਜਿੱਥੋਂ ਗਿਰੋਹ ਦਾ ਹੈਂਡਲਰ ਸਿਕੰਦਰ ਸਿੰਘ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪਾਕਿਸਤਾਨ ਦੇ ਸਮਾਲਗੜ੍ਹ ਤੋਂ ਡਰੋਨ ਰਾਹੀਂ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿੱਚ ਭੇਜੀ ਜਾਂਦੀ ਸੀ। ਜਿਸ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਤਸਕਰ ਇਸ ਖੇਪ ਨੂੰ ਵੱਖ-ਵੱਖ ਇਲਾਕਿਆਂ ‘ਚ ਬੈਠੇ ਸਪਲਾਇਰਾਂ ਅਤੇ ਡੀਲਰਾਂ ਤੱਕ ਪਹੁੰਚਾਉਂਦੇ ਸਨ ਅਤੇ ਉਥੋਂ ਨੈੱਟਵਰਕ ਨੂੰ ਅੱਗੇ ਵਧਾਇਆ ਜਾਂਦਾ ਸੀ। ਫਿਲਹਾਲ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ‘ਤੇ ਸਾਰੇ ਮੁਲਜ਼ਮਾਂ ਨੂੰ ਜਾਂਚ ਲਈ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ, ਜਿਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ ਇਹ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਕਿਰਤਪਾਲ ਅਤੇ ਪੰਕਜ ਵਰਮਾ ਦੇ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਮੁਲਜ਼ਮਾਂ ਨਾਲ ਡੂੰਘਾਈ ਨਾਲ ਜਾਂਚ ਕਰ ਰਹੀ ਹੈ।