Home ਸੰਸਾਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਸ਼ੱਕੀ ਅੱਤਵਾਦੀਆਂ ਨੇ ਦੋ ਹਿੰਦੂ ਵਪਾਰੀਆਂ ਦੀ...

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਸ਼ੱਕੀ ਅੱਤਵਾਦੀਆਂ ਨੇ ਦੋ ਹਿੰਦੂ ਵਪਾਰੀਆਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

0

ਪੇਸ਼ਾਵਰ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕੇਚ ਜ਼ਿਲ੍ਹੇ ‘ਚ ਸ਼ੱਕੀ ਅੱਤਵਾਦੀਆਂ ਨੇ ਦੋ ਹਿੰਦੂ ਵਪਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਹ ਹਮਲਾ ਤੁਰਬਤ ਇਲਾਕੇ ‘ਚ ਹੋਇਆ।ਪੁਲਿਸ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੋਟਰਸਾਈਕਲ ਸਵਾਰ ਚਾਰ ਨਕਾਬਪੋਸ਼ ਹਮਲਾਵਰਾਂ ਨੇ ਬਾਜ਼ਾਰ ਨੇੜੇ ਚਾਰ ਲੋਕਾਂ ‘ਤੇ ਗੋਲੀਆਂ ਚਲਾਈਆਂ। ਇਸ ਹਮਲੇ ‘ਚ ਦੋ ਹਿੰਦੂ ਵਪਾਰੀਆਂ ਹਰੀ ਲਾਲ ਅਤੇ ਮੋਤੀ ਲਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸ਼ੇਰੋ ਮੱਲ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

ਡੀ.ਆਈ.ਜੀ ਅਰਸਲਾਨ ਖੋਖਰ ਨੇ ਇਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਦੱਸਿਆ ਪਰ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਕ ਹੋਰ ਅਧਿਕਾਰੀ ਨੂੰ ਸ਼ੱਕ ਸੀ ਕਿ ਇਹ ਘਟਨਾ ਵਪਾਰਕ ਵਿਵਾਦ ਦਾ ਨਤੀਜਾ ਹੋ ਸਕਦੀ ਹੈ ਕਿਉਂਕਿ ਮ੍ਰਿਤਕ ਅਮੀਰ ਕਾਰੋਬਾਰੀ ਸਨ। ਬਲੋਚਿਸਤਾਨ ਵਿਚ ਅੱਤਵਾਦੀ ਸਮੂਹ ਆਮ ਤੌਰ ‘ਤੇ ਸੁਰੱਖਿਆ ਬਲਾਂ ਅਤੇ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਪਰ ਘੱਟ ਗਿਣਤੀ ਭਾਈਚਾਰੇ ਵਿਰੁੱਧ ਅਜਿਹੀ ਹਿੰਸਾ ਨੂੰ ਦੁਰਲੱਭ ਮੰਨਿਆ ਜਾਂਦਾ ਹੈ।

ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਬੁਲੇਦਾ ਇਲਾਕੇ ‘ਚ ਇਕ ਹੋਰ ਘਟਨਾ ‘ਚ ਮੁਹੰਮਦ ਹਯਾਤ ਨਾਂ ਦੇ ਇਕ ਨਾਗਰਿਕ ਦੀ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਲੋਚਿਸਤਾਨ ਲੰਬੇ ਸਮੇਂ ਤੋਂ ਹਿੰਸਾ ਅਤੇ ਅੱਤਵਾਦ ਦੀ ਲਪੇਟ ਵਿਚ ਰਿਹਾ ਹੈ, ਜਿੱਥੇ ਲਗਾਤਾਰ ਹਮਲੇ ਹੁੰਦੇ ਰਹਿੰਦੇ ਹਨ। ਤਾਜ਼ਾ ਘਟਨਾ ਨੇ ਘੱਟ ਗਿਣਤੀ ਹਿੰਦੂ ਭਾਈਚਾਰੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Exit mobile version