ਲੁਧਿਆਣਾ : ਬਾਲੀਵੁੱਡ ਅਦਾਕਾਰ ਸੋਨੂੰ ਸੂਦ (Bollywood Actor Sonu Sood) ਅੱਜ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਹੋਏ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ। ਦੱਸ ਦੇਈਏ ਕਿ ਅਦਾਲਤ ਨੇ ਇਕ ਮਾਮਲੇ ‘ਚ ਸੋਨੂੰ ਸੂਦ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਗਵਾਹੀ ਦਰਜ ਕਰਵਾਈ । ਅਦਾਲਤ ਨੇ ਸੋਨੂੰ ਸੂਦ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ ਕਿਉਂਕਿ ਉਹ ਅਪਰਾਧਿਕ ਮਾਮਲੇ ਵਿੱਚ ਦਰਜ ਸ਼ਿਕਾਇਤ ਵਿੱਚ ਗਵਾਹੀ ਦੇਣ ਲਈ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ।
ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਮੋਹਿਤ ਸ਼ੁਕਲਾ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ। ਇਸ ‘ਚ ਉਨ੍ਹਾਂ ਨੇ ਕਈ ਗੰਭੀਰ ਦੋਸ਼ ਲਗਾਏ ਅਤੇ ਇਸ ਸ਼ਿਕਾਇਤ ‘ਚ ਉਨ੍ਹਾਂ ਨੇ ਸੋਨੂੰ ਸੂਦ ਨੂੰ ਗਵਾਹ ਦੇ ਤੌਰ ‘ਤੇ ਅਦਾਲਤ ‘ਚ ਬੁਲਾਇਆ। ਅਦਾਲਤ ਨੇ ਸੋਨੂੰ ਸੂਦ ਨੂੰ ਵਾਰ-ਵਾਰ ਗਵਾਹੀ ਦੇਣ ਲਈ ਬੁਲਾਇਆ ਅਤੇ ਪੇਸ਼ ਹੋਣ ਲਈ ਕਿਹਾ। ਇਸ ਦੇ ਬਾਵਜੂਦ ਸੋਨੂੰ ਸੂਦ ਉਕਤ ਕੇਸ ਵਿੱਚ ਗਵਾਹੀ ਦੇਣ ਲਈ ਅਦਾਲਤ ਵਿੱਚ ਪੇਸ਼ ਨਹੀਂ ਹੋਏ।
ਇਸਦੇ ਚਲਦਿਆ ਹੁਣ ਅਦਾਲਤ ਨੇ ਸੋਨੂੰ ਸੂਦ ਦੀ ਗਵਾਹੀ ਅਦਾਲਤ ਵਿੱਚ ਯਕੀਨੀ ਬਣਾਉਣ ਲਈ ਅੱਜ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ ਅਤੇ ਉਕਤ ਗ੍ਰਿਫ਼ਤਾਰੀ ਵਾਰੰਟ ਨੂੰ ਸਬੰਧਤ ਥਾਣਾ ਓਸ਼ੀਵਾੜਾ, ਵੈਸਟ ਅੰਧੇਰੀ, ਮੁੰਬਈ ਨੂੰ ਭੇਜ ਕੇ ਸੋਨੂੰ ਸੂਦ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਸੀ। ਇਸ ਮਾਮਲੇ ‘ਚ ਸੋਨੂੰ ਸੂਦ ਆਖਰਕਾਰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਏ ਹਨ। ਹਾਲਾਂਕਿ, ਉਨ੍ਹਾਂ ਨੇ ਆਪਣੀ ਗਵਾਹੀ ਵਿਚ ਕੀ ਕਿਹਾ ਅਤੇ ਅਦਾਲਤ ਦੁਆਰਾ ਦਿੱਤੀ ਗਈ ਅਗਲੀ ਤਾਰੀਖ ਬਾਰੇ ਵੇਰਵੇ ਬਾਅਦ ਵਿਚ ਸਾਹਮਣੇ ਆਉਣਗੇ।