ਗੁਜਰਾਤ : ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ (Banaskantha District) ‘ਚ ਰੇਤ ਨਾਲ ਭਰਿਆ ਇਕ ਡੰਪਰ ਟਰੱਕ (A Dumper Truck) ਪਲਟ ਕੇ ਮਜ਼ਦੂਰਾਂ ਦੇ ਇਕ ਸਮੂਹ ‘ਤੇ ਡਿੱਗ ਗਿਆ, ਜਿਸ ਕਾਰਨ ਤਿੰਨ ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲਿਸ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੇ ਖੇਂਗਰਪੁਰਾ ਪਿੰਡ ਵਿੱਚ ਉਸ ਸਮੇਂ ਵਾਪਰੀ ਜਦੋਂ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਡੀ.ਐਸ.ਪੀ. ਐਸ.ਐਮ. ਵਰੋਤਰੀਆ ਨੇ ਦੱਸਿਆ ਕਿ ਡੰਪਰ ਇਕ ਤੰਗ ਰਸਤੇ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਇਹ ਪਲਟ ਗਿਆ ਅਤੇ ਸੜਕ ਨਿਰਮਾਣ ਦੇ ਕੰਮ ਵਿਚ ਲੱਗੇ ਮਜ਼ਦੂਰਾਂ ਦੇ ਸਮੂਹ ‘ਤੇ ਡਿੱਗ ਗਿਆ।
ਅਧਿਕਾਰੀਆਂ ਮੁਤਾਬਕ ਕਰੇਨ ਅਤੇ ਬੁਲਡੋਜ਼ਰ ਦੀ ਮਦਦ ਨਾਲ ਟਰੱਕ ਦੇ ਹੇਠਾਂ ਫਸੀਆਂ ਔਰਤਾਂ ਅਤੇ ਬੱਚੇ ਨੂੰ ਬਾਹਰ ਕੱਢਣ ‘ਚ ਕਰੀਬ ਦੋ ਘੰਟੇ ਲੱਗ ਗਏ। ਅਧਿਕਾਰੀਆਂ ਨੇ ਦੱਸਿਆ ਕਿ ਚਾਰਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਥਰਾਡ ਸਰਕਾਰੀ ਹਸਪਤਾਲ ਦੇ ਮੈਡੀਕਲ ਅਧਿਕਾਰੀ ਜੈਦੀਪ ਤ੍ਰਿਵੇਦੀ ਨੇ ਦੱਸਿਆ ਕਿ ਜਦੋਂ ਤੱਕ ਚਾਰ ਪੀੜਤਾਂ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰੇਣੂਕਾਬੇਨ ਗਨਾਵਾ (24), ਸੋਨਲਬੇਨ ਨਿਨਾਮਾ (22), ਇਲਾਬੇਨ ਭਾਭੋਰ (40) ਅਤੇ ਰੁਦਰ (2) ਵਜੋਂ ਹੋਈ ਹੈ।