ਚੰਡੀਗੜ੍ਹ: ਪੰਜਾਬ ‘ਚ ਮੌਸਮ ਇਕ ਵਾਰ ਫਿਰ ਬਦਲਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਹੁਣ ਪੂਰੇ ਹਫਤੇ ਮੌਸਮ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਨਾ ਹੀ ਧੁੰਦ ਜਾਂ ਸ਼ੀਤ ਲਹਿਰ ਲਈ ਕੋਈ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਭਲਕੇ ਯਾਨੀ ਸ਼ਨੀਵਾਰ ਨੂੰ ਇਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ, ਜਿਸ ਦਾ ਅਸਰ ਸੂਬੇ ਦੇ ਮੌਸਮ ‘ਤੇ ਪੈ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਹੈ।
ਇਸ ਹਫ਼ਤੇ ਮੌਸਮ ਦੇ ਕਈ ਰੰਗ ਸਨ। ਸਵੇਰੇ ਤੇਜ਼ ਧੁੱਪ ਨੇ ਜਿੱਥੇ ਲੋਕਾਂ ਨੂੰ ਠੰਡ ਤੋਂ ਰਾਹਤ ਦਿੱਤੀ, ਉਥੇ ਅਚਾਨਕ ਧੁੰਦ ਕਾਰਨ ਮੌਸਮ ਇਕ ਵਾਰ ਫਿਰ ਬਦਲ ਗਿਆ। ਇਸ ਦੇ ਨਾਲ ਹੀ 4-5 ਫਰਵਰੀ ਨੂੰ ਸੂਬੇ ‘ਚ ਕਈ ਥਾਵਾਂ ‘ਤੇ ਹਲਕਾ ਮੀਂਹ ਦੇਖਣ ਨੂੰ ਮਿਲਿਆ। ਕਈ ਥਾਵਾਂ ‘ਤੇ ਸ਼ੀਤ ਲਹਿਰ ਦਾ ਅਸਰ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ਮੌਸਮ ਵਿਭਾਗ ਨੇ 12 ਫਰਵਰੀ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਅਤੇ ਮੌਸਮ ਸਾਫ ਰਹਿਣ ਦੀ ਉਮੀਦ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਪੰਜਾਬ ‘ਚ ਘੱਟੋ-ਘੱਟ ਤਾਪਮਾਨ ‘ਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਇਸ ਤੋਂ ਬਾਅਦ ਘੱਟੋ-ਘੱਟ ਤਾਪਮਾਨ ‘ਚ 2 ਤੋਂ 3 ਡਿਗਰੀ ਦਾ ਵਾਧਾ ਹੋ ਸਕਦਾ ਹੈ। ਹਾਲਾਂਕਿ 8 ਫਰਵਰੀ ਤੋਂ ਹਿਮਾਲਿਆ ਖੇਤਰ ਵੱਲ ਇਕ ਨਵਾਂ ਪੱਛਮੀ ਗੜਬੜ ਸਰਗਰਮ ਹੋਣ ਜਾ ਰਿਹਾ ਹੈ, ਜਿਸ ਦਾ ਅਸਰ ਪੂਰੇ ਉੱਤਰ ਭਾਰਤ ‘ਚ ਦੇਖਿਆ ਜਾ ਸਕਦਾ ਹੈ।