ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ (Defense Minister Rajnath Singh) ਨੇ ਬੀਤੇ ਦਿਨ ਅਮਰੀਕਾ ਦੇ ਨਵੇਂ ਨਿਯੁਕਤ ਰੱਖਿਆ ਮੰਤਰੀ ਪੀਟ ਹੇਗਸੇਥ (US Defense Minister Pete Hegseth) ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਵਿਆਪਕ ਤਰੀਕੇ ਨਾਲ ਭਾਰਤ-ਅਮਰੀਕਾ ਰੱਖਿਆ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ। ਡੋਨਾਲਡ ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਾਲੇ ਇਹ ਪਹਿਲੀ ਫੋਨ ਕਾਲ ਹੈ।
ਰੱਖਿਆ ਮੰਤਰਾਲੇ ਨੇ ਦੱਸਿਆ ਕਿ ਦੋਹਾਂ ਧਿਰਾਂ ਨੇ ਦੁਵੱਲੀ ਰੱਖਿਆ ਭਾਈਵਾਲੀ ਦੇ ਸ਼ਲਾਘਾਯੋਗ ਵਿਸਥਾਰ ‘ਤੇ ਖੁਸ਼ੀ ਜ਼ਾਹਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ। ਭਾਰਤ ਅਤੇ ਅਮਰੀਕੀ ਰੱਖਿਆ ਮੰਤਰੀ ਨੇ ਤਕਨੀਕੀ ਸਹਿਯੋਗ, ਰੱਖਿਆ ਉਦਯੋਗਿਕ ਸਪਲਾਈ ਚੇਨ, ਲੌਜਿਸਟਿਕਸ, ਸੂਚਨਾ ਆਦਾਨ-ਪ੍ਰਦਾਨ ਅਤੇ ਸੰਯੁਕਤ ਫੌਜੀ ਅਭਿਆਸ ‘ਤੇ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਰੱਖਿਆ ਨਵੀਨਤਾ, ਸਟਾਰਟ-ਅੱਪਸ, ਵਪਾਰ ਅਤੇ ਅਕਾਦਮਿਕ ਸੰਸਥਾਵਾਂ ਦਰਮਿਆਨ ਸਹਿਯੋਗ ਵਧਾਉਣ ‘ਤੇ ਵੀ ਸਹਿਮਤੀ ਪ੍ਰਗਟਾਈ। ਇਸ ਤੋਂ ਇਲਾਵਾ, ਭਾਰਤ ਅਤੇ ਅਮਰੀਕਾ 2025 ਤੋਂ 2035 ਦੀ ਮਿਆਦ ਲਈ ਇੱਕ ਵਿਆਪਕ ਵਿਧੀ ਦਾ ਖਰੜਾ ਤਿਆਰ ਕਰਨ ਲਈ ਮਿਲ ਕੇ ਕੰਮ ਕਰਨ ਲਈ ਤਿਆਰ ਹਨ।