ਕੁਰੂਕਸ਼ੇਤਰ : ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਖੁਸ਼ਪ੍ਰੀਤ ਨੇ ਆਪਣੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਸਾਂਝੀ ਕੀਤੀ, ਜਿਸ ‘ਚ ਉਸ ਨੇ ਦੱਸਿਆ ਕਿ ਕਿਵੇਂ ਉਸ ਨੂੰ ਏਜੰਟਾਂ ਅਤੇ ਮਾਫੀਆ ਦੇ ਭਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। 182 ਦਿਨਾਂ ਤੱਕ, ਉਸਨੇ ਸੰਘਣੇ ਜੰਗਲਾਂ, ਵਿਸ਼ਾਲ ਸਮੁੰਦਰਾਂ ਅਤੇ ਪਹਾੜਾਂ ਦੇ ਵਿਚਕਾਰ ਗੰਭੀਰ ਤਸੀਹੇ ਸਹੇ। ਖੁਸ਼ਪ੍ਰੀਤ ਨੇ ਦੱਸਿਆ ਕਿ ਉਸਨੂੰ ਕਰੰਟ ਲਗਾਇਆ ਗਿਆ , ਪਿਸ਼ਾਬ ਨਾਲ ਨਵਾਇਆ ਗਿਆ ਅਤੇ ਕਈ ਦਿਨ ਭੁੱਖਾ ਰੱਖਿਆ ਗਿਆ ।
ਖੁਸ਼ਪ੍ਰੀਤ ਦਾ ਸੁਪਨਾ ਅਮਰੀਕਾ ਜਾ ਕੇ ਪੈਸਾ ਕਮਾਉਣਾ ਸੀ ਤਾਂ ਜੋ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰ ਸਕੇ। ਇਸ ਦੇ ਲਈ ਉਸ ਨੇ ਇਕ ਏਜੰਟ ਨਾਲ ਸੰਪਰਕ ਕੀਤਾ, ਜਿਸ ਨੇ ਉਸ ਨੂੰ ਡੰਕੀ ਰੂਟ ਰਾਹੀਂ ਭੇਜਣ ਦਾ ਵਾਅਦਾ ਕੀਤਾ। ਇਸ ਯਾਤਰਾ ਲਈ ਏਜੰਟ ਨੇ 45 ਲੱਖ ਰੁਪਏ ਦਾ ਖ਼ਰਚਾ ਦੱਸਿਆ ਸੀ, ਜੋ ਖੁਸ਼ਪ੍ਰੀਤ ਦੇ ਪਰਿਵਾਰ ਨੇ ਖੇਤ, ਮਕਾਨ ਅਤੇ ਪਸ਼ੂਆਂ ਨੂੰ ਗਿਰਵੀ ਰੱਖ ਕੇ ਇਕੱਠਾ ਕੀਤਾ ਸੀ।
ਡੰਕੀ ਰੂਟ ‘ਤੇ ਯਾਤਰਾ ਕਰਨ ਦੀ ਦਰਦਨਾਕ ਹਕੀਕਤ
ਖੁਸ਼ਪ੍ਰੀਤ ਨੇ ਦੱਸਿਆ ਕਿ ਉਹ ਪਹਿਲਾਂ ਨਹੀਂ ਜਾਣਦਾ ਸੀ ਕਿ ਡੰਕੀ ਰੂਟ ਦਾ ਕੀ ਮਤਲਬ ਹੈ। ਜਦੋਂ ਉਹ ਛੇ ਮਹੀਨਿਆਂ ਦੀ ਮੁਸ਼ਕਲ ਯਾਤਰਾ ਤੋਂ ਬਾਅਦ ਅਮਰੀਕਾ ਪਹੁੰਚਿਆ, ਤਾਂ ਉਸ ਨੂੰ ਉਥੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 12 ਦਿਨਾਂ ਬਾਅਦ ਵਾਪਸ ਭੇਜ ਦਿੱਤਾ ਗਿਆ। ਇਸ ਦੌਰਾਨ ਮਾਫੀਆ ਅਤੇ ਏਜੰਟਾਂ ਨੇ ਉਸ ਨੂੰ ਕਈ ਵਾਰ ਕਰੰਟ ਲਗਾਇਆ ਅਤੇ ਪਿਸ਼ਾਬ ਨਾਲ ਨਹਾਇਆ। ਜੰਗਲਾਂ ਅਤੇ ਸਮੁੰਦਰਾਂ ਵਿੱਚ ਕਈ ਦਿਨ ਉਹ ਭੁੱਖੇ ਰਹੇ ਅਤੇ ਮੁਸ਼ਕਲ ਰਸਤਿਆਂ ‘ਤੇ ਤੁਰਦੇ ਰਹੇ।
ਏਜੰਟਾਂ ਦਾ ਧੋਖਾ
ਖੁਸ਼ਪ੍ਰੀਤ ਨੇ ਕਿਹਾ ਕਿ ਜਦੋਂ ਵੀ ਮਾਫੀਆ ਏਜੰਟ ਤੋਂ ਪੈਸੇ ਦੀ ਮੰਗ ਕਰਦਾ ਸੀ ਤਾਂ ਏਜੰਟ ਉਸ ਦਾ ਫੋਨ ਨਹੀਂ ਚੁੱਕਦਾ ਸੀ। ਮਾਫੀਆ ਨੇ ਉਸਨੂੰ ਕਰੰਟ ਲਗਾਕੇ ਪਰੇਸ਼ਾਨ ਕੀਤਾ , ਅਤੇ ਕਈ ਵਾਰ ਉਸ ‘ਤੇ ਅਤਿਆਚਾਰ ਕੀਤੇ। ਖੁਸ਼ਪ੍ਰੀਤ ਨੇ ਕਿਹਾ ਕਿ ਉਸ ਵਰਗੇ ਕਈ ਨੌਜਵਾਨ ਇਸ ਰਸਤੇ ਰਾਹੀਂ ਵਿਦੇਸ਼ ਜਾਣ ਦੀ ਆਸ ‘ਚ ਗਲਤ ਏਜੰਟਾਂ ਦੇ ਚੱਕਰ ‘ਚ ਫਸੇ ਹੋਏ ਹਨ, ਜੋ ਆਪਣੀ ਜਾਨ ਨਾਲ ਖੇਡ ਰਹੇ ਹਨ।
ਏਜੰਟਾਂ ਵਿਰੁੱਧ ਕਾਰਵਾਈ
ਹੁਣ ਹਰਿਆਣਾ ਪੁਲਿਸ ਇਨ੍ਹਾਂ ਏਜੰਟਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਜਾ ਰਹੀ ਹੈ। ਐਸ.ਆਈ.ਟੀ. ਨੇ ਸਾਰੇ ਜ਼ਿਲ੍ਹਿਆਂ ਦੇ ਐਸ.ਪੀਜ਼ ਨੂੰ ਇੱਕ ਪੱਤਰ ਭੇਜਿਆ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਏਜੰਟਾਂ ਦੀ ਸੂਚੀ ਤਿਆਰ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਟ੍ਰੈਵਲ ਏਜੰਸੀਆਂ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਦੇ ਕੰਮਕਾਜ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਇਨ੍ਹਾਂ ਏਜੰਟਾਂ ਵੱਲੋਂ ਡੰਕੀ ਰੂਟ ਰਾਹੀਂ ਭੇਜੇ ਗਏ ਨੌਜਵਾਨਾਂ ਦੀਆਂ ਸ਼ਿਕਾਇਤਾਂ ਦਰਜ ਕਰੇਗੀ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।