Home ਪੰਜਾਬ ਨਗਰ ਨਿਗਮ ਨੇ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਐਕਸ਼ਨ ਚੁੱਕਣ ਦੇ...

ਨਗਰ ਨਿਗਮ ਨੇ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਐਕਸ਼ਨ ਚੁੱਕਣ ਦੇ ਲਈ ਹੁਕਮ ਕੀਤੇ ਜਾਰੀ

0

ਚੰਡੀਗੜ੍ਹ : ਨਗਰ ਨਿਗਮ ਨੇ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਐਕਸ਼ਨ ਚੁੱਕਣ ਦੇ ਲਈ ਹੁਕਮ ਜਾਰੀ ਹੋ ਗਏ ਹਨ। ਨੋ ਪੇਅ, ਨੋ ਵਰਕ ਭਾਵ ਕੰਮ ਨਹੀਂ ਅਤੇ ਭੁਗਤਾਨ ਨਹੀਂ, ਨੀਤੀ ਲਾਗੂ ਕਰਨ ਦੇ ਹੁਕਮ ਕੀਤੇ ਹਨ। ਨਾਲ ਹੀ ਦੂਜੇ ਕਾਮਿਆਂ ਨੂੰ ਡਿਊਟੀ ਕਰਨ ਤੋਂ ਰੋਕਣ ਵਾਲਿਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਿਗਮ ਅਨੁਸਾਰ ਪਿਛਲੇ ਸਾਲ 30 ਤੇ 31 ਦਸੰਬਰ ਨੂੰ ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਕੀਤੀ ਹੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ ਉਹ ਨਾ ਕੰਮ ’ਤੇ ਆਏ, ਸਗੋਂ ਉਨ੍ਹਾਂ ਨੇ ਐੱਮ. ਆਰ. ਐੱਫ. ਕੇਂਦਰਾਂ ਦੇ ਗੇਟ ਵੀ ਬੰਦ ਕਰ ਦਿੱਤੇ ਸਨ ਅਤੇ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ।

ਹੋਰ ਮੁਲਾਜ਼ਮਾਂ ਨੂੰ ਡਿਊਟੀਆਂ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਅਜਿਹੀਆਂ ਘਟਨਾਵਾਂ ਮੁੜ ਤੋਂ ਨਾ ਵਾਪਰਨ, ਇਸ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇਕਰ ਕੋਈ ਮੁਲਾਜ਼ਮ ਹੜਤਾਲ ’ਤੇ ਜਾਂਦਾ ਹੈ ਤਾਂ ਤਨਖ਼ਾਹ/ਮਜ਼ਦੂਰੀ ਨਹੀਂ ਮਿਲੇਗੀ। ਨਾਲ ਹੀ ਹੜਤਾਲੀ ਦੂਜੇ ਕਾਮੇ ਦੇ ਕੰਮ ’ਚ ਕਿਸੇ ਤਰ੍ਹਾਂ ਦਾ ਵਿਘਨ ਜਾਂ ਰੁਕਾਵਟ ਪੈਦਾ ਕਰਦਾ ਹੈ ਤਾਂ ਉਸ ਖ਼ਿਲਾਫ਼ ਪਰਚਾ ਦਰਜ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਹੜਤਾਲ ਦੌਰਾਨ ਜੇਕਰ ਨਿਗਮ ਦੀ ਜਾਇਦਾਦ ਨੂੰ ਕੋਈ ਨੁਕਸਾਨ ਪਹੁੰਚਿਆ ਤਾਂ ਦਸਤਾਵੇਜ਼ੀ/ਵੀਡੀਓ ਸਬੂਤਾਂ ਤਹਿਤ ਐੱਫ. ਆਈ. ਆਰ. ਦਰਜ ਕਰਨ ਦੇ ਨਾਲ-ਨਾਲ ਇਕ ਮਹੀਨੇ ਦੀ ਤਨਖ਼ਾਹ ਕੱਟੀ ਜਾਵੇਗੀ।

Exit mobile version