ਪੰਜਾਬ : ਖਨੌਰੀ ਕਿਸਾਨ ਮੋਰਚੇ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਦਾ ਮਰਨ ਵਰਤ ਅੱਜ 72ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਬੀਤੇ ਦਿਨ ਹਰਿਆਣਾ ਦੇ 50 ਤੋਂ ਵੱਧ ਪਿੰਡਾਂ ਦੇ ਕਿਸਾਨ ਜੋ ਕਿ ਟਿਊਬਵੈੱਲਾਂ ਦਾ ਪਵਿੱਤਰ ਜਲ ਡੱਲੇਵਾਲ ਲਈ ਲੈ ਕੇ ਦਾਤਾਸਿੰਘਵਾਲਾ-ਖਨੌਰੀ ਮੋਰਚੇ ਉੱਤੇ ਪੁੱਜੇ ਸਨ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੋਰਚੇ ਦੇ ਇੱਕ ਸਾਲ ਪੂਰੇ ਹੋਣ ਉੱਤੇ 11 ਫ਼ਰਵਰੀ ਨੂੰ ਰਤਨਾਪੁਰਾ, 12 ਫ਼ਰਵਰੀ ਨੂੰ ਦਾਤਾਸਿੰਘਵਾਲਾ-ਖਨੌਰੀ ਅਤੇ 13 ਫ਼ਰਵਰੀ ਨੂੰ ਸ਼ੰਭੂ ਮੋਰਚੇ ਉੱਤੇ ਹੋਣ ਵਾਲੀਆਂ ਮਹਾਂਪੰਚਾਇਤਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿਚ ਪੁੱਜਣ। ਉਨ੍ਹਾਂ ਕਿਹਾ ਕਿ ਤੁਹਾਡੇ ਪਹੁੰਚਣ ਨਾਲ ਮੈਨੂੰ ਸ਼ਕਤੀ ਤੇ ਊਰਜਾ ਮਿਲਦੀ ਹੈ। ਸ਼ਾਇਦ ਮੈਂ ਤੁਹਾਡੇ ਤੋਂ ਮਿਲੀ ਊਰਜਾ ਨਾਲ ਬੈਠਕ ’ਚ ਸ਼ਾਮਲ ਹੋ ਕੇ ਸਾਰੇ ਮਸਲੇ ਸਰਕਾਰ ਸਾਹਮਣੇ ਮਜ਼ਬੂਤੀ ਨਾਲ ਰੱਖ ਸਕਾ।