ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ (The Delhi Assembly Elections) ਲਈ ਅੱਜ ਵੋਟਿੰਗ ਜਾਰੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਚੋਣ ਵਿੱਚ ਲਗਭਗ 1.56 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ ਅਤੇ 699 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ਵਿੱਚ ਕੈਦ ਹੋਵੇਗੀ। ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੇ ਮਾਪਿਆਂ ਨਾਲ ਵੋਟ ਪਾਉਣ ਪਹੁੰਚੇ।
ਉਹ ਆਪਣੇ ਮਾਪਿਆਂ ਨੂੰ ਵ੍ਹੀਲਚੇਅਰ ‘ਤੇ ਪੋਲਿੰਗ ਬੂਥ ‘ਤੇ ਲੈ ਗਏ ਅਤੇ ਵੋਟ ਪਾਈ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਸਨ। ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ‘ਚ ਨੀਮ ਫੌਜੀ ਬਲਾਂ ਦੀਆਂ 220 ਕੰਪਨੀਆਂ ਤਾਇਨਾਤ ਹਨ, ਜਦੋਂ ਕਿ ਦਿੱਲੀ ਪੁਲਿਸ ਦੇ 35,626 ਜਵਾਨ ਅਤੇ 19,000 ਹੋਮਗਾਰਡ ਵੀ ਸੁਰੱਖਿਆ ‘ਚ ਲੱਗੇ ਹੋਏ ਹਨ। ਲਗਭਗ 3,000 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ, ਜਿੱਥੇ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ।
ਮੁੱਖ ਪਾਰਟੀਆਂ ਦੀ ਲੜਾਈ ਜਾਰੀ
ਆਮ ਆਦਮੀ ਪਾਰਟੀ (ਆਪ) : ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ‘ਆਪ’ ਲਗਾਤਾਰ ਤੀਜੀ ਵਾਰ ਚੋਣ ਮੈਦਾਨ ‘ਚ ਉਤਰੀ ਹੈ।
ਭਾਰਤੀ ਜਨਤਾ ਪਾਰਟੀ (ਭਾਜਪਾ) : 25 ਸਾਲਾਂ ਤੋਂ ਸੱਤਾ ਤੋਂ ਬਾਹਰ ਰਹੀ ਭਾਜਪਾ ਇਸ ਵਾਰ ਦਿੱਲੀ ਦੀ ਗੱਦੀ ‘ਤੇ ਕਾਬਜ਼ ਹੋਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।
ਕਾਂਗਰਸ: ਦਿੱਲੀ ‘ਚ 15 ਸਾਲ ਰਾਜ ਕਰਨ ਵਾਲੀ ਕਾਂਗਰਸ ਪਿਛਲੀਆਂ ਦੋ ਚੋਣਾਂ ‘ਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਹੁਣ ਤੱਕ ਕਿੰਨੀ ਹੋਈ ਹੈ ਵੋਟਿੰਗ ?
ਸ਼ੁਰੂਆਤੀ ਅੰਕੜਿਆਂ ਮੁਤਾਬਕ ਹੁਣ ਤੱਕ 19.59 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਵੇਰ ਤੋਂ ਹੀ ਕਈ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ।
ਕਿੱਥੇ ਬਣਾਏ ਗਏ ਹਨ ਪੋਲਿੰਗ ਬੂਥ ?
ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਕੁੱਲ 13,766 ਪੋਲਿੰਗ ਬੂਥ ਬਣਾਏ ਗਏ ਹਨ। ਇਸ ਵਾਰ ਸੁਰੱਖਿਆ ਲਈ ਡਰੋਨ ਕੈਮਰਿਆਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਪੋਲਿੰਗ ਸਟੇਸ਼ਨਾਂ ਦੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਿਆ ਜਾ ਸਕੇ।
ਵੋਟ ਪਾਉਣ ਤੋਂ ਬਾਅਦ ਕੀ ਹੋਵੇਗਾ?
ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਇਸ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਕੀ ‘ਆਪ’ ਲਗਾਤਾਰ ਤੀਜੀ ਵਾਰ ਸੱਤਾ ‘ਚ ਵਾਪਸੀ ਕਰੇਗੀ, ਭਾਜਪਾ ਕੋਈ ਚਮਤਕਾਰ ਕਰੇਗੀ ਜਾਂ ਫਿਰ ਕਾਂਗਰਸ ਆਪਣੀ ਗੁਆਚੀ ਜ਼ਮੀਨ ਮੁੜ ਹਾਸਲ ਕਰੇਗੀ।