ਅਮਰੀਕਾ : ਅਮਰੀਕਾ ਨੇ ਗ਼ੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਵਿਰੁੱਧ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਟਰੰਪ ਪ੍ਰਸ਼ਾਸਨ ਤਹਿਤ ਇਕ ਅਮਰੀਕੀ ਫ਼ੌਜੀ ਜਹਾਜ਼ ਪ੍ਰਵਾਸੀਆਂ ਨੂੰ ਭਾਰਤ ਭੇਜ ਰਿਹਾ ਹੈ, ਰਾਇਟਰਜ਼ ਨੇ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ਕੀਤੀ। ਅਧਿਕਾਰੀ ਨੇ ਅਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਇਕ ਸੀ-17 ਜਹਾਜ਼ ਪ੍ਰਵਾਸੀਆਂ ਦੇ ਨਾਲ ਰਵਾਨਾ ਹੋ ਗਿਆ ਹੈ, ਹਾਲਾਂਕਿ ਇਹ 24 ਘੰਟਿਆਂ ਬਾਅਦ ਹੀ ਭਾਰਤ ਪਹੁੰਚੇਗਾ।
ਇਸ ਤੋਂ ਇਲਾਵਾ, ਪੈਂਟਾਗਨ ਨੇ ਐਲ ਪਾਸੋ, ਟੈਕਸਾਸ ਅਤੇ ਸੈਨ ਡਿਏਗੋ, ਕੈਲੀਫ਼ੋਰਨੀਆ ਵਿਚ ਅਮਰੀਕੀ ਸਹੂਲਤਾਂ ਵਿਚ ਨਜ਼ਰਬੰਦ ਕੀਤੇ ਗਏ 5,000 ਤੋਂ ਵੱਧ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ ਉਡਾਣਾਂ ਪ੍ਰਦਾਨ ਕਰਨਾ ਸ਼ੁਰੂ ਕਰ ਦਿਤਾ ਗਿਆ ਹੈ। ਹੁਣ ਤਕ, ਫ਼ੌਜੀ ਜਹਾਜ਼ਾਂ ਨੇ ਪ੍ਰਵਾਸੀਆਂ ਨੂੰ ਗੁਆਟੇਮਾਲਾ, ਪੇਰੂ ਅਤੇ ਹੋਂਡੂਰਸ ਤਕ ਪਹੁੰਚਾਇਆ ਹੈ। 24 ਜਨਵਰੀ ਨੂੰ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਇਹ ਅਮਰੀਕਾ ਜਾਂ ਦੁਨੀਆਂ ਵਿਚ ਕਿਤੇ ਵੀ ‘‘ਸਮੇਂ ਤੋਂ ਵੱਧ ਸਮੇਂ ਤਕ ਰਹਿਣ ਵਾਲੇ’’ ਜਾਂ ਸਹਿ ਦਸਤਾਵੇਜ਼ਾਂ ਤੋਂ ਬਿਨਾਂ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਸਹੂਲਤ ਦੇਵਾਗਾ।
ਨਵੀਂ ਦਿੱਲੀ ਵਿਚ ਇਕ ਪ੍ਰੈੱਸ ਬ੍ਰੀਫਿੰਗ ਦੌਰਾਨ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਗ਼ਰ-ਕਾਨੂੰਨੀ ਪਰਵਾਸ ਦੇ ਖ਼ਿਲਾਫ਼ ਹਾਂ, ਖ਼ਾਸ ਕਰ ਕੇ ਇਸ ਲਈ ਕਿਉਂਕਿ ਇਹ ਕਈ ਤਰ੍ਹਾਂ ਦੇ ਸੰਗਠਿਤ ਅਪਰਾਧ ਨਾਲ ਜੁੜਿਆ ਹੋਇਆ ਹੈ।’’ ਉਨ੍ਹਾਂ ਕਿਹਾ, ‘‘ਨਾ ਸਿਰਫ਼ ਸੰਯੁਕਤ ਰਾਜ ’ਚ, ਸਗੋਂ ਦੁਨੀਆ ’ਚ ਕਿਤੇ ਵੀ ਰਹਿਣ ਵਾਲੇ ਭਾਰਤੀਆਂ ਲਈ, ਜੇਕਰ ਉਹ ਭਾਰਤੀ ਨਾਗਰਿਕ ਹਨ ਅਤੇ ਉਹ ਸਮੇਂ ਤੋਂ ਵੱਧ ਰਹਿ ਰਹੇ ਹਨ, ਜਾਂ ਉਹ ਸਹੀ ਦਸਤਾਵੇਜ਼ਾਂ ਤੋਂ ਬਿਨਾਂ ਕਿਸੇ ਖਾਸ ਦੇਸ਼ ’ਚ ਹਨ, ਤਾਂ ਅਸੀਂ ਉਨ੍ਹਾਂ ਨੂੰ ਵਾਪਸ ਲਿਆਵਾਂਗੇ, ਬਸ਼ਰਤੇ ਕਿ ਉਹ ਦਸਤਾਵੇਜ਼ ਸਾਂਝੇ ਕਰਨ ਤਾਕਿ ਅਸੀਂ ਉਨ੍ਹਾਂ ਦੀ ਰਾਸ਼ਟਰੀਅਤਾ ਦੀ ਪੁਸ਼ਟੀ ਕਰ ਸਕੀਏ ਅਤੇ ਇਹ ਯਕੀਨੀ ਬਣਾ ਸਕੀਏ ਕਿ ਉਹ ਅਸਲ ਵਿਚ ਭਾਰਤੀ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਅਸੀਂ ਚੀਜ਼ਾਂ ਨੂੰ ਅੱਗੇ ਵਧਾਵਾਂਗੇ ਅਤੇ ਉਨ੍ਹਾਂ ਦੀ ਭਾਰਤ ਵਾਪਸੀ ਦੀ ਸਹੂਲਤ ਪ੍ਰਦਾਨ ਕਰਾਂਗੇ।’’
ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਨੇ 24 ਜਨਵਰੀ ਨੂੰ ਘੋਸ਼ਣਾ ਕੀਤੀ ਸੀ ਕਿ ‘‘ਇਤਿਹਾਸ ਵਿਚ ਸਭ ਤੋਂ ਵੱਡੀ ਦੇਸ਼ ਨਿਕਾਲੇ ਦੀ ਮੁਹਿੰਮ ਚੰਗੀ ਤਰ੍ਹਾਂ ਚੱਲ ਰਹੀ ਹੈ।’’ ਕੈਰੋਲਿਨ ਲੇਵਿਟ ਨੇ ਐਕਸ ’ਤੇ ਇਕ ਪੋਸਟ ਸਾਂਝਾ ਕਰਦੇ ਹੋਏ ਕਿਹਾ, ‘‘ਟਰੰਪ ਪ੍ਰਸ਼ਾਸਨ ਨੇ ਸੈਂਕੜੇ ਗ਼ੈਰ-ਕਾਨੂੰਨੀ ਪ੍ਰਵਾਸੀ ਅਪਰਾਧੀਆਂ ਨੂੰ ਫ਼ੌਜੀ ਜਹਾਜ਼ਾਂ ਰਾਹੀਂ ਦੇਸ਼ ਨੂੰ ਕੱਢਿਆ ਹੈ। ਇਤਿਹਾਸ ਦਾ ਸਭ ਤੋਂ ਵੱਡਾ ਦੇਸ਼ਾ ਨਿਕਾਲਾ ਅਭਿਆਨ ਚੰਗੀ ਤਰ੍ਹਾਂ ਚੱਲ ਰਿਹਾ ਹੈ। ਵਾਅਦੇ ਕੀਤੇ ਗਏ, ਵਾਅਦੇ ਪੂਰੇ ਕੀਤਾ ਗਏ।
ਇਕ ਹੋਰ ਪੋਸਟ ਵਿਚ, ਉਨ੍ਹਾਂ ਕਿਹਾ, ਟਰੰਪ ਪ੍ਰਸ਼ਾਸਨ ਨੇ ਇਕ ਸ਼ੱਕੀ ਅਤਿਵਾਦੀ, ਟਰੇਨ ਡੀ ਅਰਾਗੁਆ ਗੈਂਗ ਦੇ ਚਾਰ ਮੈਂਬਰ ਅਤੇ ਨਾਬਾਲਗ਼ਾਂ ਵਿਰੁਧ ਜਿਨਸੀ ਅਪਰਾਧਾਂ ਦੇ ਦੋਸ਼ੀ ਕਈ ਗ਼ੈਰ-ਕਾਨੂੰਨੀ ਅਪਰਾਧੀਆਂ ਸਹਿਤ 538 ਗ਼ੈਰ ਕਾਨੂੰਨੀ ਪ੍ਰਵਾਸੀ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ। ਦੇਸ਼ ਨਿਕਾਲੇ ਦੀਆਂ ਉਡਾਣਾਂ ਸ਼ੁਰੂ ਕਰ ਹੋ ਗਈਆਂ ਹਨ। ਰਾਸ਼ਟਰਪਤੀ ਟਰੰਪ ਪੂਰੀ ਦੁਨੀਆਂ ਨੂੰ ਇਕ ਮਜ਼ਬੂਤ ਅਤੇ ਸਪੱਸ਼ਟ ਸੰਦੇਸ਼ ਭੇਜ ਰਿਹਾ ਹੈ: ਜੇਕਰ ਤੁਸੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੁੰਦੇ ਹੋ, ਤਾਂ ਤੁਹਾਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।’’