ਪਟਿਆਲਾ : ਪਟਿਆਲਾ ਦੀ ਰਿਸ਼ੀ ਕਲੋਨੀ (The Rishi Colony) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵੀ ਬਹੁਤ ਵਾਇਰਲ ਹੋ ਰਹੀ ਹੈ । ਜਿਸ ਵਿੱਚ ਇਕ ਔਰਤ ਵੱਲੋਂ 10 ਸਾਲਾਂ ਇਕ ਬੱਚੇ ‘ਤੇ ਘਿਨੌਣਾ ਜ਼ੁਲਮ ਢਾਹੁਣ ਦੀ ਗੱਲ ਦੱਸੀ ਗਈ ਹੈ। ਇਸ ਘਟਨਾ ਨੇ ਸਭ ਦੇ ਹਿਰਦੇ ਵਲੂੰਦਰ ਦਿੱਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ 10 ਸਾਲ ਦੇ ਮਾਸੂਮ ਬੱਚੇ ਤੋਂ ਘਰ ਦਾ ਕੰਮ ਕਰਾਉਂਦੀ ਸੀ ਤੇ ਘਰ ’ਚ ਰੱਖੇ 5 ਕੁੱਤਿਆਂ ਦੇ ਪਾਲਣ-ਪੋਸ਼ਣ ਲਈ ਵੀ ਉਸ ਨੇ ਉਸੇ ਬੱਚੇ ਦੀ ਡਿਊਟੀ ਲਾਈ ਹੋਈ ਸੀ। ਇਹੀ ਨਹੀਂ, ਉਸ ਮਾਸੂਮ ਨੂੰ ਇਨ੍ਹਾਂ ਕੁੱਤਿਆਂ ਵਿਚ ਹੀ ਰੱਖਿਆ ਜਾਂਦਾ ਸੀ। ਬੱਚੇ ਨੂੰ ਬੈਲਟਾਂ ਨਾਲ ਕੁੱਟਿਆ ਜਾਂਦਾ ਸੀ। ਉਸ ਔਰਤ ਨੇ ਬੱਚੇ ਦੇ ਮੂੰਹ ‘ਤੇ ਗਰਮ ਪ੍ਰੈਸ ਲਗਾ ਦਿੱਤੀ ‘ਤੇ ਦੋ ਦਿਨ ਲਈ ਉਸ ਨੂੰ ਘਰ ‘ਚ ਇੱਕਲਾ ਛੱਡ ਗਈ । ਬੱਚੇ ਦੇ ਸਿਰ ਵਿੱਚ ਵੀ ਸੱਟ ਲੱਗੀ ਹੋਈ ਹੈ । ਸਿਰ ‘ਚੋਂ ਨਿਕਲਦਾ ਖੂਨ ਸੁੱਕ ਚੁੱਕਾ ਹੈ । ਇਸ ਬਾਰੇ ਕਿਸੇ ਗੁਆਂਢੀ ਨੇ ਸਮਾਜ ਸੇਵੀ ਸੰਸਥਾ ਨੂੰ ਦੱਸ ਦਿੱਤਾ, ਜਿਸ ਨੇ ਇਸ ਬੱਚੇ ਨੂੰ ਉਨ੍ਹਾਂ ਦੀ ਚੁੰਗਲ ’ਚੋਂ ਛੁਡਾ ਲਿਆ ਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ।
ਉਕਤ ਔਰਤ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਕੇ ਘਟਨਾ ਦੀ ਜਾਂਚ ਲਈ ਇਕ ਐੱਸ.ਆਈ.ਟੀ. ਬਣਾ ਦਿੱਤੀ ਹੈ। ਇਸ ਔਰਤ ਖ਼ਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲੈ ਕੇ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਪਟਿਆਲਾ ਦੀ ਰਿਸ਼ੀ ਕਾਲੋਨੀ ਵਿਖੇ ਬੱਚੇ ’ਤੇ ਹੋਏ ਤਸ਼ੱਦਦ ਦਾ ਨੋਟਿਸ ਲੈਂਦਿਆਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪੀੜਤ ਜ਼ੇਰੇ ਇਲਾਜ ਬੱਚੇ ਨਾਲ ਮੁਲਾਕਾਤ ਕੀਤੀ, ਉਸ ਦਾ ਹਾਲਚਾਲ ਜਾਣਿਆ ਅਤੇ ਹੁਣ ਅੱਗੇ ਬੱਚੇ ਦੀ ਦੇਖ -ਰੇਖ ਚਾਈਲਡ ਵੈਲਫੇਅਰ ਕਮੇਟੀ ਕਰੇਗੀ ।
ਉਨ੍ਹਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਮੀਟਿੰਗ ਕਰ ਕੇ ਦੋਸ਼ੀਆਂ ਖ਼ਿਲਾਫ਼ ਸਖਤ ਕਰਵਾਈ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਜੁਆਇੰਟ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਵੀ ਮੌਜੂਦ ਸਨ। ਚੇਅਰਮੈਨ ਕੰਵਰਦੀਪ ਸਿੰਘ ਨੇ 10 ਸਾਲਾ ਬੱਚੇ ਨੂੰ ਗਰਮ ਪ੍ਰੈੱਸ ਲਗਾ ਕੇ ਕੀਤੇ ਗਏ ਇਸ ਗੈਰ-ਮਨੁੱਖੀ ਤਸ਼ੱਦਦ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਕਮਿਸ਼ਨ ਅਜਿਹੇ ਮਾਮਲਿਆਂ ਨਾਲ ਸਖ਼ਤੀ ਨਾਲ ਨਜਿੱਠੇਗਾ। ਉਨ੍ਹਾਂ ਘਟਨਾ ਲਈ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਅਤੇ ਪੁਲਿਸ ਨੂੰ ਕਿਸੇ ਵੀ ਦੋਸ਼ੀ ਨੂੰ ਨਾ ਬਖਸ਼ਣ ਲਈ ਕਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਮਿਸ਼ਨ ਵੱਲੋਂ ਅਜਿਹੀ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ। ਪੀੜਤ ਬੱਚੇ ਨੂੰ ਮਿਲਣ ਉਪਰੰਤ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਿਥੇ ਬੱਚੇ ਦਾ ਇਲਾਜ ਕਰਵਾਇਆ ਹੈ, ਉੱਥੇ ਹੀ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮੌਕੇ ਏ.ਡੀ.ਸੀ. ਇਸ਼ਾ ਸਿੰਗਲ, ਡੀ.ਐੱਸ.ਪੀ. ਮਨੋਜ ਗੋਰਸੀ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਈਨਾ ਕਪੂਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਵੀ ਮੌਜੂਦ ਸਨ।