ਜਲੰਧਰ: ਪੰਜਾਬ ਦੇ ਕਾਰੋਬਾਰੀਆਂ ਲਈ ਖੁਸ਼ਖ਼ਬਰੀ ਹੈ। ਦਰਅਸਲ, ਇੰਡੀਗੋ ਏਅਰਲਾਈਨ ਨੇ ਆਪਣੇ ਨੈੱਟਵਰਕ ਦਾ ਵਿਸਥਾਰ ਕਰਦੇ ਹੋਏ ਮੁੰਬਈ ਤੋਂ ਜਲੰਧਰ ਲਈ ਨਵੀਂ ਉਡਾਣ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਸੇਵਾ ਮਾਰਚ ਮਹੀਨੇ ਤੋਂ ਸ਼ੁਰੂ ਹੋਵੇਗੀ ਅਤੇ ਹਫ਼ਤੇ ਦੇ ਸੱਤ ਦਿਨ ਚਲਾਈ ਜਾਵੇਗੀ।
ਜਲੰਧਰ ਦੇ ਆਦਮਪੁਰ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ ਨੇ ਦੱਸਿਆ ਕਿ ਇੰਡੀਗੋ ਦੀ ਇਸ ਨਵੀਂ ਉਡਾਣ ਦੀ ਸਮਰੱਥਾ 186 ਸੀਟਾਂ ਦੀ ਹੋਵੇਗੀ, ਜਿਸ ਨਾਲ ਯਾਤਰੀਆਂ ਨੂੰ ਇਸ ਰੂਟ ‘ਤੇ ਸੁਵਿਧਾਜਨਕ ਯਾਤਰਾ ਦਾ ਵਿਕਲਪ ਮਿਲੇਗਾ। ਜਲੰਧਰ ਪੰਜਾਬ ਦਾ ਇੱਕ ਪ੍ਰਮੁੱਖ ਵਪਾਰਕ ਅਤੇ ਸੱਭਿਆਚਾਰਕ ਕੇਂਦਰ ਹੈ, ਜਿਸ ਲਈ ਇਹ ਸਿੱਧੀ ਹਵਾਈ ਸੇਵਾ ਵਪਾਰੀਆਂ, ਯਾਤਰੀਆਂ ਅਤੇ ਐਨ.ਆਰ.ਆਈਜ਼ ਲਈ ਲਾਭਦਾਇਕ ਸਾਬਤ ਹੋਵੇਗੀ।
ਇੰਡੀਗੋ ਏਅਰਲਾਈਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਵੀਂ ਸੇਵਾ ਨਾਲ ਦੋਵਾਂ ਸ਼ਹਿਰਾਂ ਵਿਚਾਲੇ ਹਵਾਈ ਯਾਤਰਾ ਸੁਚਾਰੂ ਹੋਵੇਗੀ ਅਤੇ ਯਾਤਰਾ ਦਾ ਸਮਾਂ ਵੀ ਘੱਟ ਹੋਵੇਗਾ। ਇਹ ਉਡਾਣ ਉਨ੍ਹਾਂ ਯਾਤਰੀਆਂ ਲਈ ਲਾਭਦਾਇਕ ਹੋਵੇਗੀ ਜੋ ਤੇਜ਼ ਅਤੇ ਸੁਵਿਧਾਜਨਕ ਕਨੈਕਟੀਵਿਟੀ ਚਾਹੁੰਦੇ ਹਨ। ਵੇਰਵੇ ਜਲਦੀ ਹੀ ਇੰਡੀਗੋ ਦੀ ਅਧਿਕਾਰਤ ਵੈੱਬਸਾਈਟ ਅਤੇ ਬੁਕਿੰਗ ਪਲੇਟਫਾਰਮ ‘ਤੇ ਉਪਲਬਧ ਕਰਵਾਏ ਜਾਣਗੇ।