ਪ੍ਰਯਾਗਰਾਜ: ਬੀ-ਟਾਊਨ ਦੀ ਸਭ ਤੋਂ ਬੋਲਡ ਅਭਿਨੇਤਰੀਆਂ ‘ਚੋਂ ਇਕ ਰਹੇ ਮਮਤਾ ਕੁਲਕਰਨੀ (Mamata Kulkarni) ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਮਹਾਕੁੰਭ 2025 ਦੇ ਦੌਰਾਨ ਕਿੰਨਰ ਅਖਾੜੇ ਤੋਂ ਮਹਾਮੰਡਲੇਸ਼ਵਰ ਬਣਾਏ ਗਏ ਹਾਲਾਂਕਿ ਸਿਰਫ 7 ਦਿਨਾਂ ਵਿੱਚ ਹੀ ਉਨ੍ਹਾਂ ਤੋਂ ਇਹ ਪਦਵੀ ਖੋਹ ਲਈ ਗਈ । ਹੁਣ ਉਨ੍ਹਾਂ ‘ਤੇ ਚਲ ਰਹੇ ਹੰਗਾਮੇ ਅਤੇ ਵਿਰੋਧ ਦੇ ਵਿਚਕਾਰ ਮਮਤਾ ਕੁਲਕਰਨੀ ਇਕ ਵਾਰ ਫਿਰ ਮਹਾਕੁੰਭ ਵਿੱਚ ਪਹੁੰਚ ਗਏ ਹਨ।
ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾ ਨੂੰ ਦੇਖ ਕੇ ਲਗਦਾ ਹੈ ਕਿ ਉਨ੍ਹਾਂ ਨੂੰ ਮਹਾਮੰਡਲੇਸ਼ਵਰ ਦਾ ਅਹੁਦਾ ਵਾਪਸ ਮਿਲ ਗਿਆ ਹੈ। ਉਨ੍ਹਾਂ ਦੀ ਇਹ ਤਸਵੀਰ ਭਸਮ ਨਾਲ ਸਿੰਗਾਰ ਕਰਦੇ ਹੋਏ ਹੈ । ਉਨ੍ਹਾਂ ਦੇ ਨਾਲ ਉਨ੍ਹਾਂ ਦੇ ਗੁਰੂ ਲਕਸ਼ਮੀ ਨਰਾਇਣ ਤ੍ਰਿਪਾਠੀ ਵੀ ਹਨ, ਹਾਲਾਂਕਿ ਅਜੇ ਅਧਿਕਾਰਤ ਤੌਰ ‘ਤੇ ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਤਾਜ਼ਾ ਤਸਵੀਰ ਬਹੁਤ ਕੁਝ ਦੱਸ ਰਹੀ ਹੈ।
ਮਹਾਮੰਡਲੇਸ਼ਵਰ ਬਣਨ ਤੋਂ ਬਾਅਦ ਮਮਤਾ ਕੁਲਕਰਨੀ ਨੇ ਪਹਿਲੀ ਵਾਰ ਭਸਮ ਨਾਲ ਸਿੰਗਾਰ ਕੀਤਾ। ਇਸ ਤਰ੍ਹਾਂ ਸਾਬਕਾ ਅਦਾਕਾਰਾ ਨੇ 23 ਸਾਲ ਪੁਰਾਣੀ ਸਹੁੰ ਤੋੜ ਦਿੱਤੀ , ਜੋ ਉਨ੍ਹਾਂ ਸੰਨਿਆਸ ਦਾ ਜੀਵਨ ਅਪਣਾਉਣ ਦੇ ਬਾਅਦ ਖਾਈ ਸੀ। ਮਮਤਾ ਕੁਲਕਰਣੀ ਨੇ ਆਪਣੇ ਚਿਹਰੇ ‘ਤੇ ਭਸਮ ਲਗਾ ਕੇ ਸਿੰਗਾਰ ਕੀਤਾ ਜਿਸ ਨਾਲ ਉਨ੍ਹਾਂ ਦਾ ਚਿਹਰਾ ਚਿੱਟਾ ਹੋ ਗਿਆ । ਕਿੰਨਰ ਅਖਾੜੇ ਦੇ ਆਚਾਰੀਆ ਮਹਾਮੰਡਲੇਸ਼ਵਰ, ਡਾ. ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਜੋ ਉਨ੍ਹਾਂ ਦੇ ਅਧਿਆਤਿਮਕ ਗੁਰੂ ਵੀ ਹਨ।
ਸਾਬਕਾ ਅਦਾਕਾਰਾ ਨੇ ‘ਆਪ ਕੀ ਅਦਾਲਤ ‘ ਵਿੱਚ ਦੱਸਿਆ ਕਿ ਉਹ 23 ਸਾਲ ਬਾਅਦ ਭਾਰਤ ਸਿਰਫ ਮਹਾਕੁੰਭ ਵਿੱਚ ਅੰਮ੍ਰਿਤ ਇਸ਼ਨਾਨ ਕਰਨ ਲਈ ਪਹੁੰਚੀ ਸੀ । ਉਹ ਆਪਣੀ ਇੱਛਾ ਨਾਲ ਮਹਾਮੰਡਲੇਸ਼ਵਰ ਨਹੀਂ ਬਣੀ ਹੈ ਇਹ ਸਭ ਰੱਬ ਦੀ ਮਰਜ਼ੀ ਨਾਲ ਹੋਇਆ ਹੈ । ਜਦੋਂ ਬਾਗੇਸ਼ਵਰ ਧਾਮ ਸਰਕਾਰ ਅਤੇ ਰਾਮਦੇਵ ਬਾਬਾ ਨੇ ਮਮਤਾ ਕੁਲਕਰਨੀ ਦੇ ਮਹਾਮੰਡਲੇਸ਼ਵਰ ਬਣਨ ‘ਤੇ ਸਵਾਲ ਉਠਾਏ ਤਾਂ ਉਨ੍ਹਾਂ ਨੇ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ 23 ਸਾਲਾਂ ਤੋਂ ਤਪੱਸਵੀ ਦੀ ਤਰ੍ਹਾਂ ਜੀਵਨ ਗੁਜਾਰ ਰਹੇ ਹਨ ਜਿਨ੍ਹਾਂ ਵਿੱਚੋ 12 ਸਾਲ ਸਖਤ ਤਪੱਸਿਆ ‘ਚ ਵਿੱਚ ਬੀਤੇ ਸਨ । ਉਨ੍ਹਾਂ ਨੇ 23 ਸਾਲ ਤੋਂ ਮੇਕਅੱਪ ਨਹੀਂ ਕੀਤਾ ਸੀ ।
ਮਮਤਾ ਕੁਲਕਰਨੀ ‘ਤੇ ਅੰਡਰਵਰਲਡ ਨਾਲ ਸਬੰਧ ਰੱਖਣ ਦਾ ਦੋਸ਼ ਲਗਾਇਆ ਗਿਆ ਸੀ। ਵਿੱਕੀ ਗੋਸਵਾਮੀ ਨਾਲ ਨਸ਼ਾ ਤਸਕਰੀ ਮਾਮਲੇ ‘ਚ ਵੀ ਉਨ੍ਹਾਂ ਦਾ ਨਾਂ ਆਇਆ ਸੀ ਪਰ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਜੀਵਨ ਕਾਰਨ ਉਨ੍ਹਾਂ ਦੀ ਰੂਹਾਨੀ ਯਾਤਰਾ ‘ਤੇ ਵੀ ਕਈ ਸਵਾਲ ਉੱਠ ਰਹੇ ਹਨ।