ਕੈਨੇਡਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਟੈਰਿਫ ਦੇ ਬਦਲੇ ਵਿੱਚ ਕਈ ਅਮਰੀਕੀ ਦਰਾਮਦਾਂ ‘ਤੇ 25 ਫੀਸਦੀ ਟੈਰਿਫ ਲਗਾਏਗਾ। ਉਨ੍ਹਾਂ ਨੇ ਅਮਰੀਕੀਆਂ ਨੂੰ ਚੇਤਾਵਨੀ ਦਿੱਤੀ ਕਿ ਟਰੰਪ ਦੇ ਫ਼ੈਸਲਿਆਂ ਦੇ ਉਨ੍ਹਾਂ ਲਈ ਗੰਭੀਰ ਨਤੀਜੇ ਹੋਣਗੇ। ਟਰੂਡੋ ਨੇ ਕਿਹਾ ਕਿ ਉਹ ਦੁਨੀਆ ਦੀ ਸਭ ਤੋਂ ਲੰਬੀ ਜ਼ਮੀਨੀ ਸਰਹੱਦ ਸਾਂਝੀ ਕਰਨ ਵਾਲੇ ਪੁਰਾਣੇ ਸਹਿਯੋਗੀਆਂ ਵਿਚਾਲੇ ਵਿਗੜਦੇ ਸਬੰਧਾਂ ਦੇ ਮੱਦੇਨਜ਼ਰ 155 ਅਰਬ ਕੈਨੇਡੀਅਨ ਡਾਲਰ ਦੇ ਅਮਰੀਕੀ ਸਾਮਾਨ ‘ਤੇ ਟੈਰਿਫ ਲਗਾ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ 30 ਬਿਲੀਅਨ ਕੈਨੇਡੀਅਨ ਡਾਲਰ ਦੇ ਅਮਰੀਕੀ ਉਤਪਾਦਾਂ ‘ਤੇ ਟੈਰਿਫ ਮੰਗਲਵਾਰ ਤੋਂ ਲਾਗੂ ਹੋਣਗੇ ਅਤੇ 21 ਦਿਨਾਂ ਵਿੱਚ 125 ਬਿਲੀਅਨ ਕੈਨੇਡੀਅਨ ਡਾਲਰ ਦੇ ਅਮਰੀਕੀ ਉਤਪਾਦਾਂ ‘ਤੇ ਚਾਰਜ ਲਗਾਇਆ ਜਾਵੇਗਾ। ਟਰੂਡੋ ਦਾ ਇਹ ਐਲਾਨ ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ ‘ਤੇ 25 ਅਤੇ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ ‘ਤੇ 10 ਟੈਰਿਫ ਲਗਾਉਣ ਦੇ ਆਦੇਸ਼ ਦੇ ਕੁਝ ਘੰਟਿਆਂ ਬਾਅਦ ਆਇਆ ਹੈ। ਹਾਲਾਂਕਿ, ਕੈਨੇਡਾ ਦੇ ਊਰਜਾ ਸਰੋਤ 10٪ ਟੈਰਿਫ ਦੇ ਅਧੀਨ ਹੋਣਗੇ।
ਅਮਰੀਕੀ ਰਾਸ਼ਟਰਪਤੀ ਦੇ ਇਸ ਫ਼ੈਸਲੇ ਨਾਲ ਵਪਾਰ ਯੁੱਧ ਸ਼ੁਰੂ ਹੋਣ ਦਾ ਖਤਰਾ ਹੈ, ਜਿਸ ਬਾਰੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਗਲੋਬਲ ਵਿਕਾਸ ਹੌਲੀ ਹੋ ਸਕਦਾ ਹੈ ਅਤੇ ਮਹਿੰਗਾਈ ਫਿਰ ਤੋਂ ਵਧ ਸਕਦੀ ਹੈ। ਕੈਨੇਡੀਅਨ ਨੇਤਾ ਨੇ ਕਿਹਾ ਕਿ ਟੈਰਿਫ ਵਿੱਚ ਅਮਰੀਕੀ ਬੀਅਰ, ਵਾਈਨ ਅਤੇ ਬੋਰਬੋਨ ਦੇ ਨਾਲ-ਨਾਲ ਫਲਾਂ ਅਤੇ ਫਲਾਂ ਦੇ ਜੂਸ ਸ਼ਾਮਲ ਹੋਣਗੇ। ਇਸ ਵਿੱਚ ਟਰੰਪ ਦੇ ਗ੍ਰਹਿ ਰਾਜ ਫਲੋਰਿਡਾ ਤੋਂ ਸੰਤਰੇ ਦਾ ਜੂਸ ਵੀ ਸ਼ਾਮਲ ਹੋਵੇਗਾ। ਕੈਨੇਡਾ ਕੱਪੜੇ, ਖੇਡ ਸਾਜ਼ੋ-ਸਾਮਾਨ ਅਤੇ ਘਰੇਲੂ ਉਪਕਰਣਾਂ ਸਮੇਤ ਚੀਜ਼ਾਂ ਨੂੰ ਨਿਸ਼ਾਨਾ ਬਣਾਏਗਾ। ਟਰੂਡੋ ਨੇ ਕਿਹਾ ਕਿ ਆਉਣ ਵਾਲੇ ਹਫ਼ਤੇ ਜਿੱਥੇ ਕੈਨੇਡੀਅਨਾਂ ਲਈ ਮੁਸ਼ਕਲ ਹੋਣਗੇ, ਉਥੇ ਹੀ ਟਰੰਪ ਦੀਆਂ ਕਾਰਵਾਈਆਂ ਦਾ ਖਮਿਆਜ਼ਾ ਅਮਰੀਕੀਆਂ ਨੂੰ ਵੀ ਭੁਗਤਣਾ ਪਵੇਗਾ।
ਟਰੂਡੋ ਨੇ ਕੈਨੇਡੀਅਨਾਂ ਨੂੰ ਕੈਨੇਡੀਅਨ ਉਤਪਾਦ ਖਰੀਦਣ ਅਤੇ ਅਮਰੀਕਾ ਦੀ ਬਜਾਏ ਆਪਣੇ ਦੇਸ਼ ਵਿਚ ਛੁੱਟੀਆਂ ਮਨਾਉਣ ਲਈ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਮੰਗ ਨਹੀਂ ਕੀਤੀ ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਓਟਾਵਾ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਅਮਰੀਕੀ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ ਕਿ ਕੈਨੇਡਾ ਵਿਰੁੱਧ ਟੈਰਿਫ ਤੁਹਾਡੀਆਂ ਨੌਕਰੀਆਂ ਨੂੰ ਖਤਰੇ ਵਿਚ ਪਾ ਦੇਵੇਗਾ, ਜਿਸ ਨਾਲ ਅਮਰੀਕੀ ਆਟੋ ਅਸੈਂਬਲੀ ਪਲਾਂਟ ਅਤੇ ਹੋਰ ਨਿਰਮਾਣ ਕੇਂਦਰ ਬੰਦ ਹੋ ਸਕਦੇ ਹਨ। ਉਹ ਮਹਿੰਗਾਈ ਨੂੰ ਵਧਾ ਦੇਣਗੇ, ਜਿਸ ਵਿੱਚ ਕਰਿਆਨੇ ਦੀ ਦੁਕਾਨ ‘ਤੇ ਭੋਜਨ ਅਤੇ ਪੰਪ ‘ਤੇ ਬਾਲਣ ਸ਼ਾਮਲ ਹੈ।