ਚੰਡੀਗੜ੍ਹ: ਹਰਿਆਣਾ ਦੇ ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ‘ਚ ਕੋਈ ਰੁਕਾਵਟ ਨਹੀਂ ਆਵੇਗੀ। ਇਸ ਦੇ ਲਈ ਹਰਿਆਣਾ ਸਰਕਾਰ (The Haryana Government) ਨੇ ਸੂਬੇ ਦੇ 1555 ਪ੍ਰਾਈਵੇਟ ਸਕੂਲਾਂ ਦੇ ਦੂਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਫੀਸ 134ਏ ਤਹਿਤ ਅਦਾ ਕਰਨ ਲਈ 33.545 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਰਾਸ਼ੀ ਹਰਿਆਣਾ ਵਿੱਚ ਨਿਯਮ 134-ਏ ਤਹਿਤ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਜਾਵੇਗੀ।
ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹਰਿਆਣਾ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਨਾਲ ਹੀ ਕਲਾਸ ਨੌਵੀਂ ਤੋਂ 12 ਵੀਂ ਤੱਕ ਦੇ ਪੈਸੇ ਦੇਣ ਦੀ ਮੰਗ ਵੀ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੱਤਿਆਵਾਨ ਕੁੰਡੂ, ਪੈਟਰਨ ਤੇਲੂਰਾਮ ਰਾਮਿਆਂਵਾਲਾ, ਸੂਬਾਈ ਜਨਰਲ ਸਕੱਤਰ ਪਵਨ ਰਾਣਾ ਅਤੇ ਰਣਧੀਰ ਪੂਨੀਆ, ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ ਅਤੇ ਸੰਜੇ ਧੱਤਰਵਾਲ, ਸਕੱਤਰ ਪ੍ਰਦੀਪ ਪੂਨੀਆ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਸਾਲ 2015-16 ਤੋਂ ਮੌਜੂਦਾ ਅਕਾਦਮਿਕ ਸੈਸ਼ਨ ਤੱਕ ਨਿਯਮ 134ਏ ਤਹਿਤ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮੁਫਤ ਪੜ੍ਹਾ ਰਹੇ ਹਨ ਪਰ ਸਰਕਾਰ ਨੇ ਇਹ ਵੀ ਨਿਰਧਾਰਤ ਨਹੀਂ ਕੀਤਾ ਕਿ ਭੁਗਤਾਨ ਲਈ ਕਿੰਨਾ ਪੈਸਾ ਦੇਣਾ ਹੈ।
ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਛੇਤੀ ਤੋਂ ਛੇਤੀ 9ਵੀਂ ਤੋਂ 12ਵੀਂ ਜਮਾਤ ਲਈ ਪੈਸਾ ਰੱਖੇ ਅਤੇ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਦੀ ਫੀਸ ਵਾਪਸੀ ਦੀ ਰਕਮ ਲਈ ਆਨਲਾਈਨ ਅਰਜ਼ੀ ਲਈ ਪੋਰਟਲ ਖੋਲ੍ਹੇ ਤਾਂ ਜੋ ਸਕੂਲਾਂ ਨੂੰ 9 ਸਾਲਾਂ ਲਈ ਪੈਸੇ ਮਿਲ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿਰਾਗ ਯੋਜਨਾ ਅਤੇ ਆਰ.ਟੀ.ਈ. ਲਈ ਪੈਸੇ ਦੇਣ ਦੀ ਵੀ ਮੰਗ ਕੀਤੀ।