ਗੈਜੇਟ ਡੈਸਕ : UPI ਪੇਮੈਂਟ ਐਪ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। ਅੱਜ ਤੋਂ ਕੋਈ ਵੀ UPI ਐਪ ਟ੍ਰਾਂਜੈਕਸ਼ਨ ਆਈ.ਡੀ ਵਿੱਚ ਸਪੈਸ਼ਲ ਕਰੈਕਟਰ ਦੀ ਵਰਤੋਂ ਨਹੀਂ ਕਰ ਸਕੇਗਾ। ਅਜਿਹਾ ਕਰਨ ਨਾਲ ਅੱਜ ਤੋਂ ਭੁਗਤਾਨ ਹੋਣੇ ਬੰਦ ਹੋ ਜਾਣਗੇ। ਜੇਕਰ ਕੋਈ ਐਪ ਸਪੈਸ਼ਲ ਕਰੈਕਟਰ ਵਾਲੀ ਟ੍ਰਾਂਜੈਕਸ਼ਨ ਆਈਡੀ ਜਨਰੇਟ ਕਰਦੀ ਹੈ ਤਾਂ ਸੈਂਟਰਲ ਸਰਵਰ ਉਸ ਭੁਗਤਾਨ ਨੂੰ ਰੱਦ ਕਰ ਦੇਵੇਗਾ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਇਹ ਸਰਕੂਲਰ ਬਿਜ਼ਨਸ ਯੂਜ਼ਰਸ ਲਈ ਜਾਰੀ ਕੀਤਾ ਸੀ, ਪਰ ਇਹ ਆਮ ਲੋਕਾਂ ਨੂੰ ਵੀ ਪ੍ਰਭਾਵਿਤ ਕਰੇਗਾ।
(NPCI) UPI ਟ੍ਰਾਂਜੈਕਸ਼ਨ ID ਬਣਾਉਣ ਦੀ ਪ੍ਰਸੈਸ ਨੂੰ ਸਟੈਂਡਰਡ ਬਣਾਉਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਡਿਜੀਟਲ ਪੇਮੈਂਟ ਪਲੇਟਫਾਰਮ ਦੀ ਸੁਰੱਖਿਆ ਵੀ ਵਧੇਗੀ। ਇਸ ਲਈ ਇਸ ਨੇ ਸਾਰੀਆਂ ਕੰਪਨੀਆਂ ਨੂੰ ਟ੍ਰਾਂਜੈਕਸ਼ਨ ਆਈਡੀ ਵਿੱਚ ਸਿਰਫ਼ ਅਲਫਾਨਿਊਮੈਰਿਕ ਕਰੈਕਟਰ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਹੁਕਮ ਅੱਜ ਤੋਂ ਲਾਗੂ ਹੋਣਗੇ। ਜੇਕਰ ਕੋਈ ਐਪ ਅੱਜ ਤੋਂ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੀ ਹੈ ਤਾਂ ਉਹ UPI ਭੁਗਤਾਨਾਂ ਦੀ ਪ੍ਰੋਸੈਸ ਨਹੀਂ ਕਰ ਸਕੇਗੀ। (NPCI) ਲੰਬੇ ਸਮੇਂ ਤੋਂ ਇਸ ਦਿਸ਼ਾ ਵਿੱਚ ਕੋਸ਼ਿਸ਼ ਕਰ ਰਿਹਾ ਹੈ।
NPCI ਨੇ ਪਹਿਲਾਂ ਵੀ ਇਸ ਪ੍ਰਕਿਰਿਆ ਨੂੰ ਮਿਆਰੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਪਿਛਲੇ ਸਾਲ ਮਾਰਚ ਵਿੱਚ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਟ੍ਰਾਂਜੈਕਸ਼ਨ ਆਈ.ਡੀ ਨੂੰ 35 ਅੱਖਰਾਂ ਦਾ ਬਣਾਉਣ ਦੀ ਗੱਲ ਕਹੀ ਗਈ ਸੀ। ਪਹਿਲਾਂ ਟ੍ਰਾਂਜੈਕਸ਼ਨ ਆਈਡੀ ਵਿੱਚ 4 ਤੋਂ 35 ਅੱਖਰ ਹੁੰਦੇ ਸਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 35 ਅੱਖਰਾਂ ਦੀ ਇੱਕ ਆਈਡੀ ਤਿਆਰ ਕਰਨ ਦੀ ਗੱਲ ਕਹੀ ਗਈ ਸੀ।
ਦੇਸ਼ ਵਿੱਚ ਡਿਜੀਟਲ ਭੁਗਤਾਨ ਖੇਤਰ ਵਿੱਚ UPI ਦਾ ਦਬਦਬਾ ਹੈ। ਭਾਰਤੀ ਰਿਜ਼ਰਵ ਬੈਂਕ ਦੀ ਇੱਕ ਰਿਪੋਰਟ ਦੇ ਅਨੁਸਾਰ, 2019 ਵਿੱਚ ਡਿਜੀਟਲ ਭੁਗਤਾਨਾਂ ਵਿੱਚ UPI ਦਾ ਹਿੱਸਾ 34 ਫੀਸਦੀ ਸੀ, ਜੋ ਹੁਣ ਦੁੱਗਣੇ ਤੋਂ ਵੱਧ ਕੇ 83 ਪ੍ਰਤੀਸ਼ਤ ਹੋ ਗਿਆ ਹੈ। ਇਸ ਦਾ ਮਤਲਬ ਹੈ ਕਿ ਦੇਸ਼ ਵਿੱਚ 83 ਪ੍ਰਤੀਸ਼ਤ ਡਿਜੀਟਲ ਭੁਗਤਾਨ UPI ਰਾਹੀਂ ਕੀਤੇ ਜਾਂਦੇ ਹਨ। ਬਾਕੀ 17 ਪ੍ਰਤੀਸ਼ਤ ਵਿੱਚ NEFT, RTGS, IMPS, ਕ੍ਰੈਡਿਟ ਅਤੇ ਡੈਬਿਟ ਕਾਰਡਾਂ ਰਾਹੀਂ ਕੀਤੇ ਗਏ ਸਾਰੇ ਲੈਣ-ਦੇਣ ਸ਼ਾਮਲ ਹਨ।