ਢਾਕਾ : ਬੰਗਲਾਦੇਸ਼ ‘ਚ ਕੱਟੜਪੰਥੀਆਂ ਦੇ ਕਬਜ਼ੇ ਤੋਂ ਬਾਅਦ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਇਸਲਾਮਿਕ ਕੱਟੜਪੰਥੀਆਂ ਦੇ ਵਿਰੋਧ ਕਾਰਨ ਬੁੱਧਵਾਰ ਨੂੰ ਬੰਗਲਾਦੇਸ਼ ਵਿੱਚ ਇੱਕ ਮਹਿਲਾ ਫੁੱਟਬਾਲ ਮੈਚ ਰੱਦ ਕਰ ਦਿੱਤਾ ਗਿਆ। ਹਾਲ ਹੀ ਦੇ ਸਮੇਂ ਵਿੱਚ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ।
ਜੋਏਪੁਰਹਾਟ ਅਤੇ ਰੰਗਪੁਰ ਜ਼ਿਲੇ ਦੀਆਂ ਟੀਮਾਂ ਵਿਚਾਲੇ ਚੱਲ ਰਹੇ ਦੋਸਤਾਨਾ ਮਹਿਲਾ ਫੁੱਟਬਾਲ ਮੈਚ ਦੌਰਾਨ ਇਸਲਾਮਿਕ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਮੈਦਾਨ ‘ਚ ਪਹੁੰਚ ਕੇ ਭੰਨਤੋੜ ਕੀਤੀ। ਜਿਸ ਤੋਂ ਬਾਅਦ ਮੈਚ ਰੱਦ ਕਰ ਦਿੱਤਾ ਗਿਆ। ਹਾਲ ਹੀ ਦੇ ਦਿਨਾਂ ‘ਚ ਮਹਿਲਾ ਫੁੱਟਬਾਲ ਦੇ ਖਿਲਾਫ ਪ੍ਰਦਰਸ਼ਨ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿਨਾਜਪੁਰ ਸ਼ਹਿਰ ‘ਚ ਫੁੱਟਬਾਲ ਮੈਚ ਦੌਰਾਨ ਇਸਲਾਮਵਾਦੀਆਂ ਨੇ ਲਾਠੀਆਂ ਦੀ ਵਰਤੋਂ ਕਰਕੇ ਔਰਤਾਂ ਦਾ ਮੈਚ ਰੱਦ ਕਰ ਦਿੱਤਾ ਸੀ। ਉਥੇ ਮੌਜੂਦ ਅਧਿਆਪਕ ਮੋਨੀਰੁਜ਼ਮਾਨ ਜ਼ਿਆ ਮੁਤਾਬਕ ਅਧਿਕਾਰੀਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਖਿਡਾਰੀਆਂ ਨੂੰ ਮੈਦਾਨ ਤੋਂ ਬਾਹਰ ਲਿਜਾਣਾ ਪਿਆ।
ਦਿਨਾਜਪੁਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇਸਲਾਮਿਕ ਪ੍ਰਦਰਸ਼ਨਕਾਰੀਆਂ ਅਤੇ ਮੈਚ ‘ਚ ਮੌਜੂਦ ਪ੍ਰਸ਼ੰਸਕਾਂ ਵਿਚਾਲੇ ਝੜਪ ਹੋ ਗਈ, ਜਿਸ ਦੌਰਾਨ ਦੋਵਾਂ ਧੜਿਆਂ ਨੇ ਇਕ-ਦੂਜੇ ‘ਤੇ ਇੱਟਾਂ-ਰੋੜੇ ਸੁੱਟੇ। ਸਥਾਨਕ ਅਧਿਕਾਰੀ ਅਮਿਤ ਰਾਏ ਨੇ ਦੱਸਿਆ ਕਿ ਇਸ ਘਟਨਾ ‘ਚ ਚਾਰ ਲੋਕ ਜ਼ਖਮੀ ਹੋਏ ਹਨ, ਹਾਲਾਂਕਿ ਸਾਰਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।