ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ ਬਹੁਤ ਜ਼ਿਆਦਾ ਰੋਮਾਂਚਕ ਹੁੰਦੀਆਂ ਜਾ ਰਹੀਆਂ ਹਨ। ਨਗਰ ਨਿਗਮ ਵਿੱਚ ਮੇਅਰ ਦੇ ਅਹੁਦੇ ਲਈ ਅੱਜ ਚੋਣਾਂ ਹੋਣ ਜਾ ਰਹੀਆਂ ਹਨ। ਸਵੇਰੇ 10:30 ਵਜੇ ਵੋਟਿੰਗ ਸ਼ੁਰੂ ਹੋਵੇਗੀ ਅਤੇ ਇਸ ਤੋਂ ਤੁਰੰਤ ਬਾਅਦ ਗਿਣਤੀ ਹੋਵੇਗੀ। ਦੁਪਹਿਰ 2 ਵਜੇ ਦੇ ਕਰੀਬ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਪਿਛਲੇ ਸਾਲ ਹੋਈਆਂ ਚੋਣਾਂ ਦੇ ਵਿਵਾਦਾਂ ਤੋਂ ਬਾਅਦ ਇਸ ਵਾਰ ਸੁਪਰੀਮ ਕੋਰਟ ਨੇ ਚੋਣ ਪ੍ਰਕਿਰਿਆ ‘ਤੇ ਤਿੱਖੀ ਨਜ਼ਰ ਰੱਖਣ ਦਾ ਫੈਸਲਾ ਕੀਤਾ ਹੈ।
ਇਸ ਦੇ ਲਈ ਇੱਕ ਨਿਗਰਾਨ ਨਿਯੁਕਤ ਕੀਤਾ ਗਿਆ ਹੈ ਅਤੇ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਦੱਸ ਦੇਈਏ ਕਿ ਪਿਛਲੇ ਸਾਲ ਮੇਅਰ ਚੋਣਾਂ ਦੌਰਾਨ ਕਾਫੀ ਹੰਗਾਮਾ ਹੋਇਆ ਸੀ। ਵੋਟਾਂ ਦੀ ਗਿਣਤੀ ਦੌਰਾਨ ਧਾਂਦਲੀ ਦੇ ਦੋਸ਼ ਵੀ ਲੱਗੇ ਸਨ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੂੰ ਮਾਮਲੇ ਵਿੱਚ ਦਖਲ ਦੇਣਾ ਪਿਆ ਸੀ। ਇਸ ਵਾਰ ਅਦਾਲਤ ਅਤੇ ਚੋਣ ਕਮਿਸ਼ਨ ਦੋਵੇਂ ਹੀ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਪੂਰੀ ਤਰ੍ਹਾਂ ਸਖ਼ਤ ਹਨ।
ਇਸ ਵਾਰ ਮੇਅਰ ਦੀ ਚੋਣ ਗੁਪਤ ਮਤਦਾਨ ਰਾਹੀਂ ਹੋਵੇਗੀ। ਕੌਂਸਲਰਾਂ ਨੂੰ ਬੈਲਟ ਪੇਪਰ ‘ਤੇ ਦਰਸਾਏ ਗਏ ਸਥਾਨ ‘ਤੇ ਹੀ ਵੋਟ ਪਾਉਣੀ ਪਵੇਗੀ। ਜੇਕਰ ਕੋਈ ਕੌਂਸਲਰ ਬੈਲਟ ਪੇਪਰ ‘ਤੇ ਕੁਝ ਹੋਰ ਲਿਖਦਾ ਹੈ ਜਾਂ ਬੈਲਟ ਪੇਪਰ ਫਟ ਜਾਂਦਾ ਹੈ ਤਾਂ ਉਹ ਵੋਟ ਰੱਦ ਮੰਨੀ ਜਾਵੇਗੀ। ਭਾਜਪਾ ਨੇ ਤਿੰਨੋਂ ਅਹੁਦਿਆਂ ਲਈ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ‘ਆਪ’-ਕਾਂਗਰਸ ਗਠਜੋੜ ‘ਚ ਮੇਅਰ ਦਾ ਅਹੁਦਾ ‘ਆਪ’ ਕੋਲ ਹੈ, ਜਦਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਕਾਂਗਰਸ ਕੋਲ ਹਨ।