ਨਵੀਂ ਦਿੱਲੀ : ਦਿੱਲੀ ਵਿਧਾਨਸਭਾ ਚੋਣਾਂ ਇਸ ਵਾਰ ਬਹੁਤ ਜ਼ਿਆਦਾ ਰੋਮਾਂਚਕ ਹੁੰਦੀਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਯਮੁਨਾ ਦੇ ਪਾਣੀ ‘ਚ ‘ਜ਼ਹਿਰ’ ਹੋਣ ਦੇ ਦਾਅਵੇ ‘ਤੇ ਸਬੂਤ ਮੰਗੇ ਹਨ। ਮੰਗਲਵਾਰ ਨੂੰ ਭਾਜਪਾ ਨੇ ਕੇਜਰੀਵਾਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਪੱਤਰ ਲਿਖ ਕੇ ਬੁੱਧਵਾਰ ਰਾਤ 8 ਵਜੇ ਤੱਕ ਜਵਾਬ ਦੇਣ ਲਈ ਕਿਹਾ ਹੈ।
ਚੋਣ ਕਮਿਸ਼ਨ ਨੇ ਕਿਹਾ- ਕੇਜਰੀਵਾਲ ਨੇ ਭਾਜਪਾ ਦੀ ਹਰਿਆਣਾ ਸਰਕਾਰ ‘ਤੇ ਬਹੁਤ ਗੰਭੀਰ ਦੋਸ਼ ਲਗਾਏ, ਜਿਸ ਨਾਲ ਸੂਬਿਆਂ ‘ਚ ਨਫਰਤ ਵਧ ਸਕਦੀ ਹੈ। ਜੇਕਰ ਅਜਿਹਾ ਕੋਈ ਦੋਸ਼ ਸਾਬਤ ਹੁੰਦਾ ਹੈ ਤਾਂ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਹਰਿਆਣਾ ਸਰਕਾਰ ਤੋਂ ਯਮੁਨਾ ਦੇ ਪਾਣੀ ਵਿੱਚ ਅਮੋਨੀਆ ਦੀ ਮਾਤਰਾ ਬਾਰੇ ਰਿਪੋਰਟ ਮੰਗੀ ਹੈ। ਦਰਅਸਲ, ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਹਰਿਆਣਾ ਦੀ ਭਾਜਪਾ ਸਰਕਾਰ ‘ਤੇ ਯਮੁਨਾ ਦੇ ਪਾਣੀ ਨੂੰ ਜ਼ਹਿਰੀਲਾ ਕਰਨ ਦਾ ਦੋਸ਼ ਲਗਾਇਆ ਸੀ। ਕੇਜਰੀਵਾਲ ਨੇ ਕਿਹਾ- ਦਿੱਲੀ ਦੇ ਲੋਕਾਂ ਨੂੰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਪੀਣ ਵਾਲਾ ਪਾਣੀ ਮਿਲਦਾ ਹੈ। ਹਰਿਆਣਾ ਦਾ ਪਾਣੀ ਯਮੁਨਾ ਰਾਹੀਂ ਦਿੱਲੀ ਆਉਂਦਾ ਹੈ।
ਭਾਜਪਾ ਦੀ ਹਰਿਆਣਾ ਸਰਕਾਰ ਨੇ ਯਮੁਨਾ ਦਾ ਪਾਣੀ ਜ਼ਹਿਰੀਲਾ ਕਰ ਦਿੱਤਾ ਹੈ। ਹਾਲਾਂਕਿ ਜਲ ਬੋਰਡ ਨੇ ਉਸ ਪਾਣੀ ਨੂੰ ਦਿੱਲੀ ਆਉਣ ਤੋਂ ਰੋਕ ਦਿੱਤਾ। ਭਾਜਪਾ ਸਰਕਾਰ ਨੇ ਪਾਣੀ ਵਿੱਚ ਅਜਿਹਾ ਜ਼ਹਿਰ ਘੋਲਿਆ ਹੈ, ਜਿਸ ਨੂੰ ਵਾਟਰ ਟਰੀਟਮੈਂਟ ਪਲਾਂਟਾਂ ਤੋਂ ਵੀ ਸਾਫ਼ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਦਿੱਲੀ ਦੇ ਇੱਕ ਤਿਹਾਈ ਹਿੱਸੇ ਵਿੱਚ ਪਾਣੀ ਦੀ ਕਮੀ ਹੈ। ਕੇਜਰੀਵਾਲ ਨੇ ਕਿਹਾ- ਦਿੱਲੀ ‘ਚ ਅਰਾਜਕਤਾ ਪੈਦਾ ਕਰਨ ਲਈ ਅਜਿਹਾ ਕੀਤਾ ਗਿਆ ਹੈ।