ਨਵੀਂ ਦਿੱਲੀ : ਕੈਲਾਸ਼ ਮਾਨਸਰੋਵਰ ਯਾਤਰਾ ਜਾਣ ਵਾਲੇ ਲੋਕਾਂ ਲਈ ਇਕ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਕੈਲਾਸ਼ ਮਾਨਸਰੋਵਰ ਯਾਤਰਾ ਇਸ ਸਾਲ ਗਰਮੀਆਂ ਦੇ ਮੌਸਮ ਤੋਂ ਦੁਬਾਰਾ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਭਾਰਤ ਅਤੇ ਚੀਨ ਵਿਚਾਲੇ ਸਿੱਧੀ ਉਡਾਣ ਸੇਵਾ ਵੀ ਸ਼ੁਰੂ ਹੋ ਜਾਵੇਗੀ, ਹਾਲਾਂਕਿ ਇਸ ਦੀ ਤਰੀਕ ਅਜੇ ਨਹੀਂ ਆਈ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ‘ਚ ਦਿੱਤੀ।
ਦੱਸਿਆ ਗਿਆ ਕਿ ਬੀਜਿੰਗ ਵਿੱਚ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਹੋਈ ਦੋ ਦਿਨਾਂ ਮੀਟਿੰਗ ਵਿੱਚ ਇਹ ਦੋ ਵੱਡੇ ਫੈਸਲੇ ਲਏ ਗਏ। ਕੈਲਾਸ਼ ਮਾਨਸਰੋਵਰ ਯਾਤਰਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਉਡਾਣ ਸੇਵਾਵਾਂ 2020 ਤੋਂ ਬੰਦ ਸਨ। ਇਸ ਦਾ ਕਾਰਨ ਸੀਮਾ ਵਿਵਾਦ ਅਤੇ ਕੋਵਿਡ ਦੀ ਲਹਿਰ ਤੋਂ ਬਾਅਦ ਦੋਵਾਂ ਵਿਚਾਲੇ ਖਰਾਬ ਸਬੰਧ ਸਨ। ਭਾਰਤ ਅਤੇ ਚੀਨ ਵਿਚਕਾਰ ਜੂਨ 2020 ਵਿੱਚ ਡੋਕਲਾਮ ਵਿਵਾਦ ਹੋਇਆ ਸੀ ਅਤੇ ਕੋਵਿਡ ਦੀ ਪਹਿਲੀ ਲਹਿਰ ਮਾਰਚ 2019 ਵਿੱਚ ਆਈ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਿਛਲੇ ਸਾਲ ਅਕਤੂਬਰ ‘ਚ 5 ਸਾਲ ਬਾਅਦ ਕਜ਼ਾਨ ‘ਚ ਮੁਲਾਕਾਤ ਕੀਤੀ ਸੀ। ਦੋਵਾਂ ਦੇਸ਼ਾਂ ਨੇ ਫਿਰ ਆਪਸੀ ਸਬੰਧਾਂ ਦੀ ਸਥਿਤੀ ‘ਤੇ ਚਰਚਾ ਕੀਤੀ ਅਤੇ ਸਬੰਧਾਂ ਨੂੰ ਸੁਧਾਰਨ ਲਈ ਕੁਝ ਕਦਮ ਚੁੱਕਣ ਲਈ ਸਹਿਮਤੀ ਪ੍ਰਗਟਾਈ। ਇਸ ਤੋਂ ਬਾਅਦ ਪਿਛਲੇ 3 ਮਹੀਨਿਆਂ ‘ਚ ਚੀਨ-ਭਾਰਤ ਸਰਹੱਦ ਦੇ ਵਿਵਾਦਿਤ ਇਲਾਕਿਆਂ ਡੇਮਚੋਕ ਅਤੇ ਡੇਪਸਾਂਗ ਤੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਕੈਲਾਸ਼ ਮਾਨਸਰੋਵਰ ਯਾਤਰਾ ਅਤੇ ਉਡਾਣ ਸੇਵਾ ਸ਼ੁਰੂ ਕਰਨ ਦੇ ਫੈਸਲੇ ਲਏ ਗਏ ਹਨ।