ਅੰਮ੍ਰਿਤਸਰ : ਭਾਰਤ ਸਮੇਤ ਪੂਰੇ ਪੰਜਾਬ ਵਿਚ ਵੀ ਗਣਤੰਤਰ ਦਿਵਸ ਮੌਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸੀਮਾ ਸੁਰੱਖਿਆ ਬਲ (BSF) ਨੇ 76ਵਾਂ ਗਣਤੰਤਰ ਦਿਵਸ ਅੰਮ੍ਰਿਤਸਰ, ਪੰਜਾਬ ਦੇ ਅਟਾਰੀ-ਵਾਹਗਾ ਬਾਰਡਰ ‘ਤੇ ਸ਼ਾਨਦਾਰ ਬੀਟਿੰਗ ਰੀਟਰੀਟ ਸਮਾਰੋਹ ਦੇ ਨਾਲ ਮਨਾਇਆ। ਜਵਾਨਾਂ ਦੇ ਦੇਸ਼ ਭਗਤੀ ਦੇ ਪ੍ਰਦਰਸ਼ਨ ਨੂੰ ਦੇਖ ਕੇ ਲੋਕ ਮੋਹਿਤ ਹੋ ਗਏ।
ਇਸ ਪ੍ਰੋਗਰਾਮ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਡੀ.ਆਈ.ਜੀ. ਹਰਸ਼ ਨੰਦਨ ਜੋਸ਼ੀ ਨੇ ਕਿਹਾ ਕਿ ਮੈਂ 76ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਸਾਰੇ ਸਰਹੱਦੀ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ। ਅੱਜ ਖੁਸ਼ੀ ਦਾ ਦਿਨ ਹੈ।
ਖੁਸ਼ੀਆਂ ਦੇ ਨਾਲ-ਨਾਲ ਇਹ ਦਿਨ ਉਨ੍ਹਾਂ ਨਾਇਕਾਂ ਅਤੇ ਦੇਸ਼ ਭਗਤਾਂ ਨੂੰ ਯਾਦ ਕਰਨ ਦਾ ਹੈ ਜਿਨ੍ਹਾਂ ਨੇ ਭਾਰਤ ਦੇ ਸਨਮਾਨ ਅਤੇ ਆਜ਼ਾਦੀ ਲਈ ਮਹਾਨ ਕੁਰਬਾਨੀਆਂ ਦਿੱਤੀਆਂ। ਇਸਦੇ ਨਾਲ ਹੀ, ਮੈਂ ਇੱਥੇ ਮੌਜੂਦ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰਨ। ਦੇਸ਼ ਭਰ ਵਿੱਚ ਲੋਕ ਦੇਸ਼ ਭਗਤੀ ਦੇ ਜਜ਼ਬੇ ਵਿੱਚ ਡੁੱਬੇ ਨਜ਼ਰ ਆਏ। ਸੱਭਿਆਚਾਰਕ ਗੀਤਾਂ ਨੇ ਲੋਕਾਂ ਵਿਚ ਜੋਸ਼ ਭਰ ਦਿਤਾ।