ਨਵੀਂ ਦਿੱਲੀ : ਇੰਡੋਨੇਸ਼ੀਆ ਦੇ ਰਾਸ਼ਟਰਪਤੀ ਭਾਰਤ ਦੇ ਦੌਰੇ ‘ਤੇ ਆਏ ਹੋਏ ਸਨ। ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਤਵਾਰ ਨੂੰ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਦੇ ਸਨਮਾਨ ਵਿੱਚ ਦਾਅਵਤ ਦਾ ਆਯੋਜਨ ਕੀਤਾ। ਇਸ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਮੈਂ ਆਪਣਾ ਜੈਨੇਟਿਕ ਸੀਕੁਏਂਸਿੰਗ ਟੈਸਟ ਅਤੇ ਡੀਐਨਏ ਟੈਸਟ ਕਰਵਾਇਆ ਸੀ। ਇਸ ਤੋਂ ਮੈਨੂੰ ਪਤਾ ਲੱਗਾ ਕਿ ਮੇਰਾ ਡੀਐਨਏ ਭਾਰਤੀ ਹੈ।
ਪ੍ਰਬੋਵੋ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਜਦੋਂ ਮੈਂ ਭਾਰਤੀ ਸੰਗੀਤ ਸੁਣਦਾ ਹਾਂ ਤਾਂ ਮੈਂ ਨੱਚਣਾ ਸ਼ੁਰੂ ਕਰ ਦਿੰਦਾ ਹਾਂ। ਭਾਰਤ ਅਤੇ ਇੰਡੋਨੇਸ਼ੀਆ ਦਾ ਲੰਮਾ ਅਤੇ ਪ੍ਰਾਚੀਨ ਇਤਿਹਾਸ ਹੈ। ਸਾਡੇ ਸੱਭਿਅਕ ਸਬੰਧ ਹਨ। ਅੱਜ ਵੀ ਸਾਡੀ ਭਾਸ਼ਾ ਦਾ ਵੱਡਾ ਹਿੱਸਾ ਸੰਸਕ੍ਰਿਤ ਤੋਂ ਆਉਂਦਾ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਗਰੀਬੀ ਹਟਾਉਣ ਦੇ ਮਾਮਲੇ ਵਿੱਚ ਭਾਰਤ ਤੋਂ ਸਿੱਖਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਮੈਂ ਨਾ ਪੇਸ਼ੇਵਰ ਸਿਆਸਤਦਾਨ ਹਾਂ ਅਤੇ ਨਾ ਹੀ ਚੰਗਾ ਡਿਪਲੋਮੈਟ ਹਾਂ। ਮੈਂ ਉਹੀ ਆਖਦਾ ਹਾਂ ਜੋ ਮੇਰੇ ਦਿਲ ਵਿੱਚ ਹੈ। ਮੈਨੂੰ ਇੱਥੇ ਕੁਝ ਦਿਨ ਹੋਏ ਹਨ, ਪਰ ਮੈਂ ਬਹੁਤ ਕੁਝ ਸਿੱਖਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ, ਪ੍ਰੋਗਰਾਮ ਅਤੇ ਗਰੀਬੀ ਨੂੰ ਮਿਟਾਉਣ, ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਦੀ ਮਦਦ ਕਰਨ ਲਈ ਤੁਹਾਡੀ ਵਚਨਬੱਧਤਾ ਸਾਡੇ ਲਈ ਪ੍ਰੇਰਨਾ ਹੈ।