ਨਵੀਂ ਦਿੱਲੀ : ਦਿੱਲੀ ਵਿਧਾਨਸਭਾ ਚੋਣਾਂ ਵਿਚ ਬਹੁਤ ਘੱਟ ਸਮਾਂ ਰਹਿ ਗਿਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ 5 ਫਰਵਰੀ ਨੂੰ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੈ। ਸੂਤਰਾਂ ਮੁਤਾਬਕ ਵੋਟਿੰਗ ਵਾਲੇ ਦਿਨ ਦਿੱਲੀ ਦੇ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵਲੰਟੀਅਰ ਤਾਇਨਾਤ ਕੀਤੇ ਜਾਣਗੇ, ਜੋ ਈਵੀਐਮ ਦੇ ਕੰਮਕਾਜ ‘ਤੇ ਨਜ਼ਰ ਰੱਖਣਗੇ। ‘ਆਪ’ ਨੇ ਇਸ ਲਈ ਵਲੰਟੀਅਰਾਂ ਦੀ ਟੀਮ ਬਣਾਉਣ ਦਾ ਐਲਾਨ ਕੀਤਾ ਹੈ।
ਪਾਰਟੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਚੋਣਾਂ ‘ਚ ਜਿੱਤ ਦਾ ਪੂਰਾ ਭਰੋਸਾ ਹੈ। ਪਰ ਡਰ ਹੈ ਕਿ ਈਵੀਐਮ ਨਾਲ ਛੇੜਛਾੜ ਹੋ ਸਕਦੀ ਹੈ। ਇਸ ਲਈ ‘ਆਪ’ ਇੱਕ ਅਜਿਹੀ ਟੀਮ ਤਿਆਰ ਕਰ ਰਹੀ ਹੈ ਜੋ ਚੋਣਾਂ ਵਾਲੇ ਦਿਨ ਸਵੇਰੇ ਈਵੀਐਮ ਦੇ ਡੈਮੋ ਦੌਰਾਨ ਹਰ ਬੂਥ ‘ਤੇ ਮੌਜੂਦ ਰਹੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਈਵੀਐਮ ਵਿੱਚ ਕੋਈ ਸਮੱਸਿਆ ਨਾ ਆਵੇ। ਕਿਹਾ ਜਾ ਰਿਹਾ ਹੈ ਕਿ ਵਾਲੰਟੀਅਰ ਟੀਮ ਦੇ ਸਾਰੇ ਮੈਂਬਰ ਦਿੱਲੀ ਦੇ ਹੀ ਵੋਟਰ ਹਨ। ਸਾਰੇ ਤਕਨੀਕੀ ਤੌਰ ‘ਤੇ ਹੁਨਰਮੰਦ ਹਨ। ਉਨ੍ਹਾਂ ਦਾ ਕੰਮ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਵੋਟਿੰਗ ਨਿਰੰਤਰ ਜਾਰੀ ਰਹੇ ਅਤੇ ਇਸ ਵਿੱਚ ਕੋਈ ਰੁਕਾਵਟ ਨਾ ਆਵੇ।
‘ਆਪ’ ਸੂਤਰਾਂ ਅਨੁਸਾਰ ਵੋਟਿੰਗ ਕੇਂਦਰਾਂ ਦੇ ਬਾਹਰ ਨਜ਼ਰ ਰੱਖਣ ਲਈ ਵੱਖਰੀ ਟੀਮ ਵੀ ਬਣਾਈ ਗਈ ਹੈ। ਇਸ ਦਾ ਕੰਮ ਕੈਮਰਿਆਂ ਰਾਹੀਂ ਪੋਲਿੰਗ ਸਟੇਸ਼ਨ ਦੇ ਬਾਹਰ ਸਥਿਤੀ ‘ਤੇ ਨਜ਼ਰ ਰੱਖਣਾ ਹੋਵੇਗਾ। ਜੇਕਰ ਕੋਈ ਜ਼ਬਰਦਸਤੀ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਟੀਮ ਦੇ ਮੈਂਬਰ ਗੁਪਤ ਤੌਰ ‘ਤੇ ਇਸ ਦੀ ਰਿਕਾਰਡਿੰਗ ਕਰਕੇ ਪਾਰਟੀ ਦੇ ਮੁੱਖ ਕਮਾਂਡ ਸੈਂਟਰ ਨੂੰ ਭੇਜ ਦੇਣਗੇ।