ਟੋਂਕ : ਪੰਚਾਇਤੀ ਰਾਜ ਮੰਤਰੀ ਮਦਨ ਦਿਲਾਵਰ (Panchayati Raj Minister Madan Dilawar) ਨੇ ਬੀਤੇ ਦਿਨ ਟੋਂਕ ਜ਼ਿਲ੍ਹੇ (Tonk District) ਦੇ ਪਹਾੜੀ ਪਿੰਡ ਨਿਵਾਈ ਦਾ ਦੌਰਾ ਕੀਤਾ। ਦੌਰੇ ਦੌਰਾਨ ਮੰਤਰੀ ਨੇ ਪਿੰਡ ਵਿੱਚ ਫੈਲੀ ਗੰਦਗੀ ਅਤੇ ਸਫ਼ਾਈ ਵਿਵਸਥਾ ਦੇ ਮਾੜੇ ਪ੍ਰਬੰਧਾਂ ’ਤੇ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਵਿਧਾਇਕ ਰਾਮਸਹਾਏ ਵਰਮਾ, ਬਲਾਕ ਵਿਕਾਸ ਅਫ਼ਸਰ ਤੇ ਗ੍ਰਾਮ ਵਿਕਾਸ ਅਫ਼ਸਰ ਸਮੇਤ ਕਈ ਹੋਰ ਅਧਿਕਾਰੀਆਂ ਤੇ ਜਨ-ਨੁਮਾਇੰਦਿਆਂ ਨੂੰ ਤਾੜਨਾ ਕੀਤੀ ।
ਗੰਦਗੀ ਦੇਖ ਕੇ ਮੰਤਰੀ ਨੂੰ ਆਇਆ ਗੁੱਸਾ
ਪਿੰਡ ਦੀ ਹਾਲਤ ਦੇਖ ਕੇ ਮੰਤਰੀ ਮਦਨ ਦਿਲਾਵਰ ਨੇ ਵਿਧਾਇਕ ਰਾਮਸਹਾਏ ਵਰਮਾ ਨੂੰ ਕਿਹਾ, “ਤੁਸੀਂ ਤਬਾਦਲਿਆਂ ਦੀ ਲੰਬੀ ਲਿਸਟ ਦਿੱਤੀ ਸੀ, ਪਰ ਉਸ ਵਿਚ ਪਿੰਡ ਵਿਕਾਸ ਅਫ਼ਸਰ ਦਾ ਨਾਂ ਕਿਉਂ ਨਹੀਂ ਲਿਖਿਆ? ਹੁਣ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਾਂਗਾ।” ਉਨ੍ਹਾਂ ਨੇ ਵਿਧਾਇਕ ਨੂੰ ਪੁੱਛਿਆ, “ਕੀ ਤੁਸੀਂ ਕਦੇ ਇਸ ਪੰਚਾਇਤ ਵਿੱਚ ਆਏ ਹੋ? ਪਿੰਡ ਦਾ ਹਾਲ ਦੇਖੋ।” ਵਿਧਾਇਕ ਵਰਮਾ ਨੇ ਇਸ ਲਈ ਪਿੰਡ ਵਿਕਾਸ ਅਧਿਕਾਰੀ ਨੂੰ ਜ਼ਿੰਮੇਵਾਰ ਠਹਿਰਾਇਆ।
ਬਲਾਕ ਵਿਕਾਸ ਅਫਸਰ ਨੂੰ ਹਦਾਇਤਾਂ
ਬਲਾਕ ਵਿਕਾਸ ਅਧਿਕਾਰੀ ਰਾਜੇਸ਼ ਯਾਦਵ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਮੰਤਰੀ ਨੇ ਕਿਹਾ, “ਜੇਕਰ ਤੁਹਾਡੇ ਹੁੰਦਿਆਂ ਪਿੰਡ ਦਾ ਇਹ ਹਾਲ ਹੈ , ਤਾਂ ਬਲਾਕ ਵਿਕਾਸ ਅਧਿਕਾਰੀ ਦੀ ਜ਼ਰੂਰਤ ਹੀ ਕੀ ਹੈ ?” ਉਨ੍ਹਾਂ ਨੇ ਯਾਦਵ ਨੂੰ ਗ੍ਰਾਮ ਵਿਕਾਸ ਅਧਿਕਾਰੀ ਜੋਤੀ ਮੀਨਾ ਦਾ ਤਬਾਦਲਾ ਟੋਂਕ ਜ਼ਿਲ੍ਹੇ ਦੇ ਕੁਝ ਦੂਰ-ਦੁਰਾਡੇ ਇਲਾਕੇ ਵਿੱਚ ਕਰਨ ਦੇ ਨਿਰਦੇਸ਼ ਦਿੱਤੇ।
ਜ਼ਿਲ੍ਹਾ ਪ੍ਰੀਸ਼ਦ ਦੇ ਸੀ.ਈ.ਓ. ਨੂੰ ਦਿੱਤੀ ਚੇਤਾਵਨੀ
ਮੰਤਰੀ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੁਰਸ਼ੋਤਮ ਨੂੰ ਬੁਲਾਇਆ ਅਤੇ ਕਿਹਾ, “ਕਮਰੇ ਵਿੱਚ ਬੈਠਣਾ ਕੰਮ ਨਹੀਂ ਹੈ। ਮੈਦਾਨ ਵਿਚ ਵੀ ਜਾਣਾ ਚਾਹੀਦਾ ਹੈ। ਤੁਹਾਡੇ ਜ਼ਿਲ੍ਹੇ ਦਾ ਪਹਾੜੀ ਪਿੰਡ ਨਰਕ ਬਣ ਗਿਆ ਹੈ ਅਤੇ ਤੁਹਾਨੂੰ ਇਸ ਦਾ ਪਤਾ ਵੀ ਨਹੀਂ ਹੈ।
ਮੰਤਰੀ ਨੇ ਸਪੱਸ਼ਟ ਕਿਹਾ ਕਿ ਜੇਕਰ ਸਫ਼ਾਈ ਵਿਵਸਥਾ ਨੂੰ ਠੀਕ ਨਾ ਕੀਤਾ ਗਿਆ ਤਾਂ ਗਰਮੀ ਦੇ ਮੌਸਮ ਦੌਰਾਨ ਇੱਥੇ ਭਿਆਨਕ ਬਿਮਾਰੀਆਂ ਫੈਲਣਗੀਆਂ। ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਸੀ.ਈ.ਓ. ਨੂੰ ਹਦਾਇਤ ਕੀਤੀ ਕਿ ਉਹ ਤਿੰਨਾਂ ਗ੍ਰਾਮ ਪੰਚਾਇਤਾਂ ਦੀ ਵਿਸਥਾਰਤ ਜਾਂਚ ਕਰਕੇ ਸੱਤ ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ।
ਸਵੱਛ ਭਾਰਤ ਮਿਸ਼ਨ ‘ਤੇ ਸਵਾਲ
ਮਦਨ ਦਿਲਾਵਰ ਨੇ ਪਿੰਡ ਦੀ ਸਫ਼ਾਈ ਵਿਵਸਥਾ ‘ਤੇ ਉੱਠ ਰਹੇ ਸਵਾਲਾਂ ਦੇ ਮੱਦੇਨਜ਼ਰ ਸਵੱਛ ਭਾਰਤ ਮਿਸ਼ਨ ਤਹਿਤ ਕੀਤੇ ਗਏ ਖਰਚੇ ਦੀ ਵੀ ਜਾਂਚ ਦੇ ਹੁਕਮ ਦਿੱਤੇ । ਉਨ੍ਹਾਂ ਕਿਹਾ, ”ਹਾਲਾਤ ਨੂੰ ਦੇਖ ਕੇ ਲੱਗਦਾ ਹੈ ਕਿ ਪਿਛਲੇ ਪੰਜ ਸਾਲਾਂ ‘ਚ ਸਫਾਈ ‘ਤੇ ਇਕ ਪੈਸਾ ਵੀ ਨਹੀਂ ਖਰਚਿਆ ਗਿਆ ਹੈ, ਜਦੋਂ ਕਿ ਸਵੱਛ ਭਾਰਤ ਮਿਸ਼ਨ ਤਹਿਤ ਨਿਯਮਿਤ ਤੌਰ ‘ਤੇ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ। ਆਖ਼ਰ ਇਹ ਪੈਸਾ ਕਿੱਥੇ ਜਾ ਰਿਹਾ ਹੈ?”
ਸਰਪੰਚ ਨੂੰ ਕੀਤੀ ਤਾੜਨਾ
ਮੰਤਰੀ ਨੇ ਪਿੰਡ ਦੇ ਸਰਪੰਚ ਨੂੰ ਵੀ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਰਪੰਚ ਜਨਤਾ ਦੀ ਸੇਵਾ ਲਈ ਬਣਾਏ ਗਏ ਹਾਂ ਪਰ ਸੇਵਾ ਨਹੀਂ ਕੀਤੀ ਜਾ ਰਹੀ। ਫਿਰ ਸਰਪੰਚ ਕਿਉਂ ਬਣੇ? ਜੇਕਰ ਹਾਲਾਤ ਨਾ ਸੁਧਰੇ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਿੰਡਾਂ ਦੀ ਗੰਦਗੀ ਕਾਰਨ ਵਿਗੜ ਰਹੀ ਹੈ ਸਮਾਜਿਕ ਸਥਿਤੀ
ਪਿੰਡ ਦੀਆਂ ਔਰਤਾਂ ਨੇ ਮੰਤਰੀ ਨੂੰ ਦੱਸਿਆ ਕਿ ਗੰਦਗੀ ਕਾਰਨ ਇਸ ਪਿੰਡ ਵਿੱਚ ਕੋਈ ਵੀ ਆਪਣੀ ਧੀ ਦਾ ਵਿਆਹ ਕਰਨ ਨੂੰ ਤਿਆਰ ਨਹੀਂ ਹੈ। ਇੱਕ ਔਰਤ ਨੇ ਕਿਹਾ, ‘ਪਿੰਡ ਦੇ ਹਾਲਾਤ ਇੰਨੇ ਖਰਾਬ ਹਨ ਕਿ ਮੇਰਾ ਭਰਾ ਵੀ ਮੈਨੂੰ ਮਿਲਣ ਨਹੀਂ ਆਉਂਦਾ।’ ਔਰਤਾਂ ਨੇ ਦੱਸਿਆ ਕਿ ਪਿੰਡ ਦੀ ਗੰਦਗੀ ਕਾਰਨ ਇੱਥੇ ਕਈ ਲੜਕੇ ਵਿਆਹ ਨਹੀਂ ਕਰਵਾ ਪਾ ਰਹੇ ਹਨ। ਇਸ ਸਮੱਸਿਆ ਕਾਰਨ ਪਿੰਡ ਦੀ ਸਮਾਜਿਕ ਹਾਲਤ ਵੀ ਵਿਗੜਦੀ ਜਾ ਰਹੀ ਹੈ।