ਦੁਬਈ : ਪਿਛਲੇ ਸਾਲ ਜੂਨ ‘ਚ ਭਾਰਤ ਨੂੰ ਦੂਜਾ ਆਈ.ਸੀ.ਸੀ ਟੀ-20 ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਰੋਹਿਤ ਸ਼ਰਮਾ ਨੂੰ ਆਈ.ਸੀ.ਸੀ ਪੁਰਸ਼ ਟੀ-20 ਟੀਮ ਆਫ ਦਿ ਈਅਰ 2024 ਦਾ ਕਪਤਾਨ ਚੁਣਿਆ ਗਿਆ ਹੈ। ਭਾਰਤੀ ਦਬਦਬੇ ਵਾਲੀ ਟੀਮ ਵਿਚ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਨਾਲ ਆਲਰਾਊਂਡਰ ਹਾਰਦਿਕ ਪਾਂਡਿਆ ਸ਼ਾਮਲ ਹਨ। ਕਪਤਾਨ ਅਤੇ ਬੱਲੇਬਾਜ਼ ਦੋਵਾਂ ਦੇ ਤੌਰ ‘ਤੇ ਰੋਹਿਤ ਲਈ 2024 ਨਾ ਭੁੱਲਣ ਯੋਗ ਰਿਹਾ। ਇਸ ਤਜਰਬੇਕਾਰ ਸਲਾਮੀ ਬੱਲੇਬਾਜ਼ ਨੇ 11 ਮੈਚਾਂ ਵਿੱਚ 42.00 ਦੀ ਪ੍ਰਭਾਵਸ਼ਾਲੀ ਔਸਤ ਅਤੇ 160 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ 378 ਦੌੜਾਂ ਬਣਾਈਆਂ। ਰੋਹਿਤ ਨੇ ਸੁਪਰ ਅੱਠ ਪੜਾਅ ‘ਚ ਆਸਟ੍ਰੇਲੀਆ ਖ਼ਿਲਾਫ਼ 92 ਦੌੜਾਂ ਦੀ ਸ਼ਾਨਦਾਰ ਪਾਰੀ ਸਮੇਤ ਤਿੰਨ ਅਰਧ ਸੈਂਕੜੇ ਲਗਾ ਕੇ ਭਾਰਤ ਦੀ ਟੀ-20 ਵਿਸ਼ਵ ਕੱਪ ਮੁਹਿੰਮ ‘ਚ ਅਹਿਮ ਭੂਮਿਕਾ ਨਿਭਾਈ ਸੀ।
ਰੋਹਿਤ ਦੀ ਕੁਸ਼ਲ ਅਗਵਾਈ ਨੇ ਦਬਾਅ ਵਾਲੀਆਂ ਸਥਿਤੀਆਂ ਵਿੱਚ ਨੌਜ਼ਵਾਨ ਭਾਰਤੀ ਟੀਮ ਦਾ ਮਾਰਗ ਦਰਸ਼ਨ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਇਸ ਨੇ ਭਾਰਤ ਦੇ ਸਭ ਤੋਂ ਮਹਾਨ ਟੀ -20 ਆਈ ਕਪਤਾਨਾਂ ਵਿੱਚੋਂ ਇੱਕ ਵਜੋਂ ਉਸਦੀ ਵਿਰਾਸਤ ਨੂੰ ਪੱਕਾ ਕੀਤਾ ਹੈ। ਪਾਂਡਿਆ ਨੇ ਦੁਨੀਆ ਦੇ ਸਰਬੋਤਮ ਆਲਰਾਊਂਡਰਾਂ ਵਿਚੋਂ ਇਕ ਵਜੋਂ ਆਪਣਾ ਕੱਦ ਪੱਕਾ ਕੀਤਾ ਅਤੇ ਭਾਰਤ ਦੀ ਸਫਲ ਮੁਹਿੰਮ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ। ਉਨ੍ਹਾਂ ਨੇ 17 ਮੈਚਾਂ ਵਿੱਚ 352 ਦੌੜਾਂ ਬਣਾਈਆਂ ਅਤੇ 16 ਵਿਕਟਾਂ ਲੈ ਕੇ ਆਈ.ਸੀ.ਸੀ ਪੁਰਸ਼ ਟੀ -20 ਆਲਰਾਊਂਡਰ ਰੈਂਕਿੰਗ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ਪਾਂਡਿਆ ਨੇ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਵਿਸ਼ਵ ਕੱਪ ਫਾਈਨਲ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਖ਼ਰੀ ਓਵਰ ‘ਚ 16 ਦੌੜਾਂ ਬਚਾ ਕੇ ਭਾਰਤ ਦੀ ਖਿਤਾਬ ਜਿੱਤ ਪੱਕੀ ਕੀਤੀ। ਫਾਈਨਲ ‘ਚ ਉਨ੍ਹਾਂ ਨੇ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਿਸ ਨੇ ਦਬਾਅ ‘ਚ ਉਨ੍ਹਾਂ ਦੀ ਕਾਬਲੀਅਤ ਨੂੰ ਦਰਸਾਇਆ।
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪਾਂਡਿਆ, ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ (ਸਾਰੇ ਭਾਰਤੀ); ਟ੍ਰੈਵਿਸ ਹੈਡ (ਆਸਟ੍ਰੇਲੀਆ); ਫਿਲ ਸਾਲਟ (ਇੰਗਲੈਂਡ); ਬਾਬਰ ਆਜ਼ਮ (ਪਾਕਿਸਤਾਨ); ਨਿਕੋਲਸ ਪੂਰਨ (ਵਿਕਟਕੀਪਰ; ਵੈਸਟਇੰਡੀਜ਼); ਸਿਕੰਦਰ ਰਜ਼ਾ (ਜ਼ਿੰਬਾਬਵੇ); ਰਾਸ਼ਿਦ ਖਾਨ (ਅਫਗਾਨਿਸਤਾਨ) ਅਤੇ ਵਨੀਂਦੂ ਹਸਰਾਂਗਾ (ਸ਼੍ਰੀਲੰਕਾ)।